ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਡਰੱਗ ਮਾਮਲੇ ਵਿੱਚ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਜੀਠੀਆ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਲਗਾਤਾਰ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਮਜੀਠੀਆ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਹਨ।
ਪੁਲਿਸ ਨੂੰ ਚਕਮਾ ਦੇ ਮਜੀਠੀਆ ਫਰਾਰ !
ਜਾਣਕਾਰੀ ਇਹ ਵੀ ਮਿਲੀ ਹੈ ਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ਼ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਬਕਾ ਮੰਤਰੀ ਨੂੰ ਪਹਿਲਾਂ ਤੋਂ ਹੀ ਸੀ। ਇਸ ਕਾਰਨ ਉਨ੍ਹਾਂ ਨੇ ਆਪਣੀ ਮੋਬਾਈਲ ਲੋਕੇਸ਼ਨ ਨਾਲ ਪੰਜਾਬ ਪੁਲਿਸ ਨੂੰ ਚਕਮਾ ਦੇ ਦਿੱਤਾ। ਟੀਮ ਨੇ ਜਦੋਂ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਤਾਂ ਮੋਬਾਇਲ ਮਿਲਿਆ ਪਰ ਮਜੀਠੀਆ ਉਥੇ ਨਹੀਂ ਸੀ। ਸਰਕਾਰ ਦੀ ਯੋਜਨਾ ਸੀ ਕਿ ਮਾਮਲਾ ਦਰਜ ਹੁੰਦੇ ਹੀ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਲਈ ਉਨ੍ਹਾਂ ਨੇ ਮਜੀਠੀਆ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੈਕ ਕੀਤੀ ਸੀ। ਉਹ ਲਗਾਤਾਰ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਫਲੈਟ ਦੀ ਲੋਕੇਸ਼ਨ ਦੱਸ ਰਿਹਾ ਸੀ।
ਦੂਜੇ ਪਾਸੇ ਸਰਕਾਰ ਨੂੰ ਲੱਗਿਆ ਕਿ ਮਜੀਠੀਆ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ ਅਤੇ ਉਹ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ। ਹਾਲਾਂਕਿ ਪੁਲਿਸ ਟੀਮ ਨੇ ਸੋਮਵਾਰ ਅੱਧੀ ਰਾਤ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਉਥੇ ਛਾਪੇਮਾਰੀ ਕੀਤੀ ਪਰ ਇਸ ਦੀ ਬਜਾਏ ਮਜੀਠੀਆ ਦਾ ਮੋਬਾਇਲ ਫੋਨ ਮਿਲਿਆ।
ਐਸਆਈਟੀ ਵੱਲੋਂ ਭਾਲ ਜਾਰੀ
ਪੰਜਾਬ ਪੁਲਿਸ ਦੀ ਤਿੰਨ ਮੈਂਬਰੀ ਐਸਆਈਟੀ ਮਜੀਠੀਆ ਦੀ ਭਾਲ ਵਿੱਚ ਹੈ। ਇਸ ਦੇ ਲਈ ਉਨ੍ਹਾਂ ਨੂੰ ਵੱਖ-ਵੱਖ ਟੀਮਾਂ ਦਿੱਤੀਆਂ ਗਈਆਂ ਹਨ। ਐਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਨਾਲ ਡੀਐਸਪੀ ਰਾਜੇਸ਼ ਕੁਮਾਰ ਅਤੇ ਕੁਲਵੰਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਟੀਮ ਨੇ ਮਜੀਠੀਆ ਦੇ ਹੋਰ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਪਰ ਉਨ੍ਹਾਂ ਦਾ ਸੁਰਾਗ ਨਹੀਂ ਲੱਗ ਸਕਿਆ।