ਮੁਹਾਲੀ:ਡਰੱਗਜ਼ ਮਾਮਲੇ (Bikram Majithia Drug case) 'ਚ ਨਾਮਜ਼ਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਦਾ ਰੁਖ ਕੀਤਾ ਹੈ। ਮਜੀਠੀਆ ਵੱਲੋਂ ਮੁਹਾਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਕਾਰਨ ਕਾਂਗਰਸ ਸਰਕਾਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਅਦਾਲਤ ਵਿੱਚ ਚੱਲ ਰਹੀ ਸੀ। ਹੁਣ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਹ ਫੈਸਲਾ ਅੱਜ ਸੁਣਾਇਆ ਜਾ ਸਕਦਾ ਹੈ। ਬਹਿਸ ਦੌਰਾਨ ਸਰਕਾਰੀ ਵਕੀਲਾਂ ਵੱਲੋਂ ਮਜੀਠੀਆ ਦੀ ਪਟੀਸ਼ਨ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਸ਼ਿਆਂ ਦੀ ਵਪਾਰਕ ਮਾਤਰਾ ਨਾਲ ਜੁੜਿਆ ਮਾਮਲਾ ਹੈ, ਇਸ ਲਈ ਮਜੀਠੀਆ ਨੂੰ ਅਗਾਊਂ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।
ਓਧਰ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਖੁਸ਼ ਕਰਦਿਆਂ ਡੀ.ਜੀ.ਪੀ ਨੇ ਪਹਿਲਾਂ ਹੀ ਬਾਦਲਾਂ ਦੀ ਜਾਂਚ ਕਰ ਲਈ ਹੈ। ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ 'ਚ ਕਿਹਾ ਹੈ ਕਿ ਪੁਲਿਸ ਅਤੇ ਸਰਕਾਰ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਖੁਸ਼ ਕਰਨ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਡੀਜੀਪੀ ਸਿਧਾਰਥ ਚਟੋਪਾਧਿਆਏ 'ਤੇ ਵੀ ਰੰਜਿਸ਼ ਕੱਢਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਛੇਤੀ ਸੁਣਵਾਈ ਹੋ ਸਕਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਅਕਾਲੀ ਦਲ ਤੋਂ ਦੁਸ਼ਮਣੀ ਕੱਢੀ ਜਾ ਰਹੀ ਹੈ। ਕਾਂਗਰਸ ਚੋਣਾਂ ਕਾਰਨ ਅਫਸਰਾਂ ਨੂੰ ਧਮਕੀਆਂ ਦੇ ਰਹੀ ਸੀ। ਮਜੀਠੀਆ 'ਤੇ ਕਾਰਵਾਈ ਨਾ ਕਰਨ 'ਤੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਹ ਵੀ ਕਿਹਾ ਗਿਆ ਹੈ ਕਿ ਚਟੋਪਾਧਿਆਏ ਨੇ 2003 'ਚ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਝੂਠੇ ਕੇਸ ਦੀ ਜਾਂਚ ਕੀਤੀ ਸੀ। ਇਹ ਬੇਬੁਨਿਆਦ ਕੇਸ ਸੀ, ਇਸ ਲਈ ਦੋਸ਼ ਸਾਬਤ ਨਹੀਂ ਹੋਏ। ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਪੁਲਿਸ ਯੂਪੀ ਵਿੱਚ ਛਾਪੇਮਾਰੀ ਕਰੇਗੀ।
ਰਾਜਸਥਾਨ ਤੋਂ ਬਾਅਦ ਯੂ.ਪੀ ਚ ਛਾਪੇਮਾਰੀ ਦੀ ਤਿਆਰੀ
ਨਸ਼ਿਆਂ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਅਜੇ ਤੱਕ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਖੁਫੀਆ ਸੂਚਨਾ ਤੋਂ ਬਾਅਦ ਪੁਲਿਸ ਟੀਮ ਨੇ ਗੁਆਂਢੀ ਸੂਬਿਆਂ 'ਚ ਛਾਪੇਮਾਰੀ ਕੀਤੀ ਪਰ ਮਜੀਠੀਆ ਨਹੀਂ ਮਿਲਿਆ। ਪਹਿਲਾਂ ਪੁਲਿਸ ਟੀਮ ਨੂੰ ਮਜੀਠੀਆ ਦੇ ਪੰਜਾਬ ਛੱਡ ਕੇ ਰਾਜਸਥਾਨ ਵਿੱਚ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਦੋ ਟੀਮਾਂ ਉਥੇ ਭੇਜੀਆਂ ਗਈਆਂ ਪਰ ਮਜੀਠੀਆ ਨਹੀਂ ਮਿਲਿਆ।