ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਐੱਨਡੀਪੀਐੱਸ ਮਾਮਲੇ (NDPS cases) 'ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਜ਼ਮਾਨਤ ਅਗਾਊਂ ਮਨਜ਼ੂਰ ਹੋ ਗਈ ਹੈ।
ਹਾਈਕੋਰਟ ਨੇ ਕਿਹਾ ਕਿ ਮਜੀਠਿਆ ਨੂੰ ਅੰਤਰਿਮ ਰਾਹਤ ਦਿੱਤੀ ਗਈ ਹੈ ਅਤੇ ਨਾਲ ਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਮਜੀਠੀਆ ਬੁੱਧਵਾਰ ਨੂੰ ਸਵੇਰੇ 11 ਵਜੇ ਜਾਂਚ 'ਚ ਸ਼ਾਮਲ ਹੋਣਗੇ।
ਬਿਕਰਮ ਮਜੀਠੀਆ ਦੇ ਵਕੀਲ ਨੇ ਕੀ ਕਿਹਾ
ਮਜੀਠੀਆ ਦੇ ਵਕੀਲ ਡੀ.ਐਸ ਸੋਬਤੀ ਨੇ ਕਿਹਾ ਕਿ ਇਹ ਬਹੁਤ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਬਹੁਤ ਵੱਡਾ ਇਨਸਾਫ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ ਅਤੇ ਮਜੀਠੀਆ ਨੂੰ ਇਨਵੈਸਟੀਗੇਸ਼ਨ (Investigation) ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਦਾਇਤ ਦਿੱਤੀ ਹੈ, ਕਿ ਜਦੋਂ ਉਹ ਇਨਵੈਸਟੀਗੇਸ਼ਨ ਵਿੱਚ ਆਉਣਗੇ ਤਾਂ ਉਸਦੀ ਗ੍ਰਿਫਤਾਰੀ ਨਹੀਂ ਹੋਵੇਗੀ। ਇਸ ਲਈ ਮਜੀਠੀਆ ਬੁੱਧਵਾਰ ਨੂੰ ਸਵੇਰੇ 11 ਵਜੇ ਜਾਂਚ 'ਚ ਸ਼ਾਮਲ ਹੋਣਗੇ। ਇਸ ਦੌਰਾਨ SIT ਮੁਖੀ ਬਲਰਾਜ ਸਿੰਘ ਦੇ ਪੁੱਤਰ ਪ੍ਰਿੰਸ ਪ੍ਰੀਤ ਸਿੰਘ ਦੀ ਤਰੱਕੀ ਦਾ ਮੁੱਦਾ ਵੀ ਉਠਿਆ ਅਤੇ ਕਿਹਾ ਗਿਆ ਕਿ ਇਹ ਤਰੱਕੀ ਉਨ੍ਹਾਂ ਨੂੰ ਸਾਬਕਾ ਡੀਜੀਪੀ ਚਟੋਪਾਧਿਆਏ ਨੇ ਇਨਾਮ ਵੱਜੋਂ ਦਿੱਤੀ ਹੈ। ਬਿਕਰਮਜੀਤ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਖੁਸ਼ੀ ਦੀ ਲਹਿਰ ਹੈ।
ਦਲਜੀਤ ਚੀਮਾ ਨੇ ਕਿਹਾ ਬਿਕਰਮ ਮਜੀਠੀਆ ਜਾਂਚ 'ਚ ਕਰਾਂਗੇ ਸਹਿਯੋਗ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਨੇ ਬਿਕਰਮ ਮਜੀਠਆਂ 'ਤੇ ਜੋ ਝੂਠਾ ਕੇਸ ਪਾਇਆ ਸੀ, ਉਸ ਵਿੱਚ ਉਨ੍ਹਾਂ ਨੂੰ ਜੋ ਅਗਾਉਂ ਜਮਾਨਤ ਮਿਲੀ ਹੈ, ਅਦਾਲਤ ਦੇ ਇਸ ਫੈਸਲੇ ਦਾ ਮੈਂ ਸੁਆਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਵੱਡੀ ਸ਼ਾਜਿਸ ਵਿੱਚ ਮੁੱਖ ਮੰਤਰੀ ਖ਼ੁਦ ਆਪ ਸ਼ਾਮਿਲ ਸੀ, ਗ੍ਰਹਿ ਮੰਤਰੀ ਸ਼ਾਮਿਲ ਸੀ, ਡੀਜੀਪੀ ਸ਼ਾਮਿਲ ਸੀ। ਇਨ੍ਹਾਂ ਨੇ ਅਕਾਲੀ ਲੀਡਰ ਨੂੰ ਬਦਨਾਮ ਕਰਨ ਲਈ ਜੋ ਝੂਠ ਦਾ ਇੰਨ੍ਹਾਂ ਵੱਡਾ ਪਹਾੜ ਬਣਾਇਆ ਸੀ, ਉਹ ਅੱਜ ਅਦਾਲਤ ਦੇ ਵਿੱਚ ਢਹਿ ਢੇਰੀ ਹੋ ਗਿਆ। ਇਸ ਕਰਕੇ ਜੋ ਮਜੀਠੀਆ ਨੂੰ ਬਦਨਾਮ ਕਰਨ ਲਈ ਜਿਸ ਤਰੀਕੇ ਦੀ ਸ਼ਾਜਿਸ ਰਚੀ ਗਈ ਸੀ, ਇਸ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ।
6 ਹਜ਼ਾਰ ਕਰੋੜ ਰੁਪਏ ਡਰੱਗ ਰੈਕੇਟ ਨਾਲ ਜੁੜਿਆ ਮਾਮਲਾ
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ 'ਤੇ ਰੋਕ ਲੱਗ ਗਈ ਹੈ। ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਐਸਆਈਟੀ (SIT) ਦੀਆਂ ਟੀਮਾਂ ਬਣਾਈਆਂ ਗਈਆਂ ਸੀ, ਜੋ ਸਰਚ ਕਰ ਰਹੀਆਂ ਸਨ ਕਿ ਉਹ ਕਿੱਥੇ ਹਨ। ਇਹ ਪੂਰਾ ਮਾਮਲਾ 6 ਹਜ਼ਾਰ ਕਰੋੜ ਰੁਪਏ ਡਰੱਗ ਰੈਕੇਟ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਦੀ ਰਿਪੋਰਟ ਦੇ ਆਧਾਰ 'ਤੇ ਐਫਆਈਆਰ (FIR) ਦਰਜ ਕੀਤੀ ਗਈ ਸੀ।
ਹਰਸਿਮਰਤ ਬਾਦਲ ਨੇ ਕਿਹਾ ਸੱਚ ਦੀ ਹੁੰਦੀ ਹੈ ਜਿੱਤ
ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਭਾਵੇਂ ਝੂਠ ਕਿੰਨਾ ਵੀ ਵੱਡਾ ਹੋਵੇ। ਨਿਆਂ ਦੀ ਜਿੱਤ ਹੁੰਦੀ ਹੈ।