ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦਾ ਦੋ ਰੋਜ਼ਾ ਸਿਖਲਾਈ ਕੈਂਪ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਸ਼ੁਰੂ ਹੋ ਗਿਆ ਹੈ। ਜਿਸ ਵਿਚ ਪਾਰਟੀ ਦੇ ਰਾਸ਼ਟਰੀ ਸੰਗਠਨ ਮੰਤਰੀ ਬੀ.ਐੱਲ.ਸੰਤੋਸ਼, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਪੰਜਾਬੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਸ਼ਿਰਕਤ ਕੀਤੀ ।
ਦੱਸ ਦਈਏ ਕਿ ਇਜਲਾਸ ਦੇ ਪਹਿਲੇ ਦਿਨ ਪੰਜਾਬ ਵਿੱਚ ਪਾਰਟੀ ਸੰਗਠਨ ਨਾਲ ਸਬੰਧਤ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਵਰਕਰਾਂ ਨੂੰ ਪਾਰਟੀ ਦੇ ਇਤਿਹਾਸ, ਵਿਕਾਸ ਅਤੇ ਕੰਮਕਾਜ ਬਾਰੇ ਦੱਸਿਆ ਗਿਆ। ਪਹਿਲੇ ਦਿਨ ਦੇ ਸੈਸ਼ਨ ਵਿੱਚ ਭਾਗ ਲੈਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਿਖਲਾਈ ਕੈਂਪ ਦਾ ਉਦੇਸ਼ ਵਰਕਰਾਂ ਦੀ ਸਿਆਸੀ ਚੇਤਨਾ ਨੂੰ ਮਜ਼ਬੂਤ ਕਰਨਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 5 ਸਾਲ ਤੱਕ ਰਹੇ। ਇਸ ਦੌਰਾਨ ਉਨ੍ਹਾਂ ਦੀ ਰਹਿਨੁਮਾਈ ਹੇਠ ਬਹੁਤ ਕੁਝ ਸਿੱਖਿਆ ਹੈ। ਅੱਜ ਹਰਿਆਣਾ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸੂਚਨਾ ਤਕਨੀਕ ਦੀ ਵਰਤੋਂ ਕਰਕੇ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਭ ਨਰਿੰਦਰ ਮੋਦੀ ਜੀ ਦੀ ਬਦੌਲਤ ਹੈ।
ਹਰਿਆਣਾ 'ਚ ਆਮ ਆਦਮੀ ਪਾਰਟੀ ਦੇ ਵਧਦੇ ਗ੍ਰਾਫ 'ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੁਪਨੇ ਲੈਣ 'ਚ ਕੋਈ ਹਰਜ਼ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 8 ਸਾਲਾਂ ਤੋਂ ਦੇਸ਼ 'ਚ ਇਕ ਹੀ ਸੁਚੱਜੀ ਸਰਕਾਰ ਚੱਲ ਰਹੀ ਹੈ। ਜਿਸ ਕਾਰਨ ਦੁਨੀਆਂ ਵਿੱਚ ਭਾਰਤ ਦਾ ਰੁਤਬਾ ਵੱਡਾ ਹੈ, ਵੱਡੇ ਦੇਸ਼ਾਂ ਨੇ ਸਾਨੂੰ ਮਾਨਤਾ ਦਿੱਤੀ ਹੈ।