ਚੰਡੀਗੜ੍ਹ: ਪੰਜਾਬ ਦੇ ਖ਼ੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਤਵਾਰ ਨੂੰ ਉਨ੍ਹਾਂ ਵਿਰੁੱਧ ਲਗਾਏ ਸਾਰੇ ਕਥਿਤ ਦੋਸ਼ਾਂ ਨੂੰ ਨਿਰਾਰਥਕ ਅਤੇ ਵਿਅੰਗਾਤਮਕ ਦੱਸਿਆ। ਉਨ੍ਹਾਂ ਕਿਹਾ ਕਿ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਜਾਣ ਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿੱਚ ਮਾਣਯੋਗ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਐਲਾਨਿਆ ਸੀ।
ਆਸ਼ੂ ਨੇ ਕਿਹਾ ਕਿ ਇੱਕ ਦਾਗੀ ਪੁਲਿਸ ਅਧਿਕਾਰੀ ਵੱਲੋਂ ਉਨ੍ਹਾਂ 'ਤੇ ਲਾਏ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਹਨ ਅਤੇ ਡੀਐੱਸਪੀ ਦੀ ਇਸ ਝੂਠੀ ਦੂਸ਼ਣਬਾਜ਼ੀ ਦਾ ਇੱਕੋ-ਇੱਕ ਮੰਤਵ ਉਨ੍ਹਾਂ ਦੇ ਸਿਆਸੀ ਕਿਰਦਾਰ 'ਤੇ ਧੱਬਾ ਲਾਉਣਾ ਹੈ। ਮੰਤਰੀ ਨੇ ਕਿਹਾ ਕਿ ਦਾਗੀ ਡੀਐੱਸਪੀ ਦਾ ਇਸ ਸਮੇਂ ਅਜਿਹੀ ਬੇਬੁਨਿਆਦ ਤੇ ਝੂਠੀ ਕਹਾਣੀ ਨਾਲ ਸਾਹਮਣੇ ਆਉਣਾ ਉਸ ਦੇ ਮੰਤਵ ਨੂੰ ਦਰਸਾਉਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਕਾਨੂੰਨ ਤੋਂ ਉੱਚਾ ਨਹੀਂ ਹੈ, ਤੇ ਲੋਕਾਂ ਪ੍ਰਤੀ ਆਪਣੇ ਮਾੜੇ ਵਤੀਰੇ ਕਾਰਨ ਸਮੇਂ-ਸਮੇਂ ਮੁਅੱਤਲ ਕੀਤਾ ਜਾਂਦਾ। ਇੱਕ ਪੁਲਿਸ ਅਧਿਕਾਰੀ ਆਪਣੇ ਆਪ ਨੂੰ ਝੂਠ ਅਤੇ ਭੱਦੀ ਬਿਆਨਬਾਜ਼ੀ ਨਾਲ ਉਸਾਰੀ ਧੂੰਏਂ ਦੀ ਦੀਵਾਰ ਪਿੱਛੇ ਲੁਕਾ ਨਹੀਂ ਸਕਦਾ।
ਆਪਣਾ ਗੁੱਸਾ ਜ਼ਾਹਿਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਰਮਨਾਕ ਝੂਠਾਂ ਦਾ ਜਵਾਬ ਦੇਣਾ ਵੀ ਮੇਰੇ ਲਈ ਹੱਤਕ ਵਾਲੀ ਗੱਲ ਹੈ। ਇਹ ਸ਼ਰਮਨਾਕ ਸੀ ਕਿ ਮੇਰੇ ਪਰਿਵਾਰ ਦੇ ਇੱਕ ਮੈਂਬਰ ਦਾ ਨਾਂਅ ਇਸ ਵਿੱਚ ਖਿੱਚਿਆ ਜਾ ਰਿਹਾ ਹੈ, ਜੋ ਹੁਣ ਦੁਨੀਆਂ ਵਿੱਚ ਨਹੀਂ ਹਨ। ਆਸ਼ੂ ਨੇ ਦੱਸਿਆ ਕਿ ਮੇਰੇ ਚਾਚੇ ਦੀ ਕੁਦਰਤੀ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਜਾਂਚ-ਪੜਤਾਲ ਲਈ ਖੁੱਲ੍ਹੀ ਹੈ, ਤੇ ਕਾਨੂੰਨੀ ਪ੍ਰਕਿਰਿਆਵਾਂ ਖ਼ਤਮ ਹੋਣ ਤੋਂ ਬਾਅਦ ਹੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਮੁਅੱਤਲ ਕੀਤੇ ਡੀਐੱਸਪੀ ਵੱਲੋਂ ਲਗਾਏ ਝੂਠੇ ਦੋਸ਼ਾਂ 'ਤੇ ਸਖ਼ਤ ਵਿਰੋਧ ਕਰਦਿਆਂ ਆਸ਼ੂ ਨੇ ਕਿਹਾ ਕਿ ਜੇ ਉਹ ਕੁਝ ਕਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਅਦਾਲਤਾਂ ਕੋਲ ਜਾਣਾ ਚਾਹੀਦਾ, ਜੋ ਅਜਿਹੇ ਮਾਮਲਿਆਂ ਦੇ ਫ਼ੈਸਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।