ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਸਾਡੀ ਪਾਰਟੀ ਦੇ ਆਗੂ ਲਗਾਤਾਰ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਨਿਯਮ ਬਣਾਏ ਗਏ ਹਨ ਉਹ ਸਾਡੇ ਲਈ ਸਭ ਤੋਂ ਵੱਧ ਅਨੁਕੂਲ ਹਨ। ਅਸੀਂ ਘਰ-ਘਰ ਅਤੇ ਸੋਸ਼ਲ ਮੀਡੀਆ ਦੇ ਪ੍ਰਚਾਰ ਦੇ ਮਾਹਿਰ ਹਾਂ। ਸਾਡੇ ਨਾਲ ਜੁਝਾਰੂ ਵਰਕਰ ਜੁੜੇ ਹੋਏ ਹਨ।
'ਵਿਧਾਨ ਸਭਾ ਚੋਣ ਲੜਾਂਗਾ'
ਭਗਵੰਤ ਮਾਨ ਨੇ ਕਿਹਾ ਮੈਂ ਵਿਧਾਨ ਸਭਾ ਚੋਣ ਲੜਾਂਗਾ। ਸਾਡੇ ਮੁਖੀ ਇਨਕਮ ਟੈਕਸ ਕਮਿਸ਼ਨਰ ਹਨ, ਉਹ ਜਾਣਦੇ ਹਨ ਕਿ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਪਾਰਟੀ ਦੇ ਬਾਕੀ ਉਮੀਦਵਾਰਾਂ ਦੀ ਨਵੀਂ ਸੂਚੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਮੁੱਦਿਆਂ 'ਤੇ ਚੋਣ ਲੜੀ ਜਾਵੇ। ਅਸੀਂ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦਾ ਸੁਆਗਤ ਕਰਦੇ ਹਾਂ। ਜਿਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਿਆ ਹੈ,ਉਸ ਤੋਂ ਲੱਗਦਾ ਹੈ ਕਿ ਲੋਕ ਨਵੀਂ ਕਹਾਣੀ ਲਿਖਣਾ ਚਾਹੁੰਦੇ ਹਨ। ਲੋਕਾਂ ਨੇ ਚੋਣਾਂ ਦੇ ਐਲਾਨ ਨਾਲ ਜਸ਼ਨ ਵੀ ਮਨਾਏ ਹਨ। ਅਸੀਂ ਏਕਤਾ ਅਤੇ ਭਾਈਚਾਰਾ ਬਣਾ ਕੇ ਰੱਖਾਂਗੇ ਅਤੇ ਮਜ਼ਬੂਤ ਸਰਕਾਰ ਬਣਾਵਾਂਗੇ।
ਭਗਵੰਤ ਮਾਨ ਲੜਣਗੇ ਵਿਧਾਨ ਸਭਾ ਚੋਣ 'ਆਪ' ਦੀ ਸਰਕਾਰ ਆਉਣ 'ਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ: ਮਾਨ
ਭਗਵੰਤ ਮਾਨ ਨੇ ਕਿਹਾ ਕਿ 10 ਮਾਰਚ ਤੋਂ ਬਾਅਦ ਕਿਸੇ ਨੂੰ ਪਾਣੀ ਦੀ ਟੈਂਕੀ 'ਤੇ ਨਹੀਂ ਚੜ੍ਹਨਾ ਪਵੇਗਾ, ਕਿਸੇ ਨੂੰਧਰਨਾ ਨਹੀਂ ਦੇਣਾ ਪਵੇਗਾ। ਹੁਣ ਕਿਸੇ ਵੀ ਸਕੂਲ 'ਚ ਅਧਿਆਪਕਾਂ ਦੀ ਕਮੀ ਨਹੀਂ ਰਹੇਗੀ, ਹਸਪਤਾਲ 'ਚ ਡਾਕਟਰਾਂ ਦੀ ਕਮੀ ਨਹੀਂ ਹੋਵੇਗੀ। 14 ਫਰਵਰੀ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਹਜ਼ਾਰਾਂ ਕੁਰਬਾਨੀਆਂ ਦੇਣ ਤੋਂ ਬਾਅਦ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ ਹੈ ਅਤੇ ਉਸਦਾ ਇਸਤਮਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਲਾਲਚ ਅਤੇ ਭੰਬਲਭੂਸੇ ਵਿੱਚ ਨਾ ਪਓ ਅਤੇ ਸਮਝਦਾਰੀ ਨਾਲ ਵੋਟ ਪਾਓ। ਨਾ ਤਾਂ ਕੋਈ ਸੜਕ ਬਣ ਸਕਦੀ ਹੈ ਅਤੇ ਨਾ ਹੀ ਕੋਈ ਰੈਲੀ ਹੋ ਸਕਦੀ ਹੈ। ਪਰ ਜੋ ਵੀ ਦਿਸ਼ਾ-ਨਿਰਦੇਸ਼ ਬਣਾਏ ਗਏ ਹਨ, ਅਸੀਂ ਉਸਦੀ ਪਾਲਣਾ ਕਰਾਂਗੇ। ਉਨ੍ਹਾਂ ਕਿਹਾ ਕਿ ਮੇਰੇ ਕੁਝ ਪਰੋਗਰਾਮ ਅੱਜ ਸੀ ਪਰ ਉਨ੍ਹਾਂ ਰੱਦ ਕਰ ਦਿੱਤੇ ਹਨ।
'ਰਾਜੇਵਾਲ ਨਾਲ ਕੋਈ ਮੀਟਿੰਗ ਨਹੀਂ ਹੋਈ'
ਭਗਵੰਤ ਮਾਨ ਨੇ ਕਿਹਾ ਕਿ ਬਲਬੀਰ ਰਾਜੇਵਾਲ ਨਾਲ ਸਾਡੀ ਕੋਈ ਮੀਟਿੰਗ ਨਹੀਂ ਹੋਈ ਅਤੇ ਨਾ ਹੀ ਗਠਜੋੜ ਬਾਰੇ ਕੋਈ ਗੱਲ ਹੋਈ ਹੈ। ਜੇਕਰ ਉਨ੍ਹਾਂ ਦੇ ਦੋਸ਼ਾਂ ਸਬੰਧੀ ਕੋਈ ਸਬੂਤ ਹੈ ਤਾਂ ਉਨ੍ਹਾਂ ਨੂੰ ਰਿਲੀਜ਼ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਰਿਸ਼ਵਤ ਲੈਣ ਅਤੇ ਪੈਸੇ ਲੈਣ ਬਾਰੇ ਨਹੀਂ ਕਹਾਂਗੇ। ਭਗਵੰਤ ਮਾਨ ਨੇ ਕਿਹਾ ਕਿ ਪਾਾਰਟੀ ਜਲਦ ਹੀ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ। ਇਸ ਦੇ ਨਾਲ ਹੀ ਮਾਨ ਦਾ ਦਾਆਵਾ ਹੈ ਕਿ ਇਕੱਲੀ ਆਮ ਆਦਮੀ ਪਾਰਟੀ ਅਜਿਹੀ ਹੋਵੇਗੀ ਜੋ ਆਪਣਾ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਕੇ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਆਪਣਾ ਮੁੱਖ ਮੰਤਰੀ ਦਾ ਚਿਹਰੇ ਦਾ ਨਾਮ ਐਲਾਨ ਕਰੇਗੀ।
'ਆਪ' ਦੀ ਰੈਲੀਆਂ 'ਚ ਖੁਦ ਆ ਰਹੇ ਲੋਕ'
ਸੱਤਾਧਾਰੀ ਕਾਂਗਰਸ ਪਾਰਟੀ ਦੀ ਐਲਾਨਵਾਦੀ ਨੀਤੀ 'ਤੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ, ''ਚੋਣਾ ਦਾ ਐਲਾਨ ਹੋਣ 'ਤੇ ਪੰਜਾਬ ਦੇ ਲੋਕਾਂ ਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਿਉਂਕਿ ਹੁਣ ਉਨ੍ਹਾਂ ਨੂੰ ਨਵੇਂ ਐਲਾਨ, ਗੱਪਾਂ ਅਤੇ ਝੂਠੇ ਬੋਰਡ ਦੇਖਣ ਨੂੰ ਨਹੀਂ ਮਿਲਣਗੇ।'' ਮਾਨ ਨੇ ਕਿਹਾ ਕਿ 'ਆਪ' ਦੀਆਂ ਚੋਣ ਰੈਲੀਆਂ 'ਚ ਲੋਕ ਆਪ ਮੁਹਾਰੇ ਆ ਰਹੇ ਹਨ, ਜਦੋਂ ਕਿ ਦੂਜੀਆਂ ਪਾਰਟੀਆਂ ਨੂੰ ਇਕੱਠ ਕਰਨ ਲਈ ਬਹੁਤ ਕੁੱਝ ਹੋਰ ਕਰਨਾ ਪੈਂਦਾ ਹੈ, ਕਿਉਂਕਿ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ।
'ਸਮੇਂ-ਸਮੇਂ 'ਤੇ ਰੋਡਮੈਪ ਕਰਾਂਗੇ ਜਾਰੀ'
ਭਗਵੰਤ ਮਾਨ ਨੇ ਕਿਹਾ, ''ਆਮ ਆਦਮੀ ਪਾਰਟੀ ਪੂਰੀ ਤਨਦੇਹੀ ਨਾਲ ਚੋਣਾ ਲੜੇਗੀ। ਅਸੀਂ ਗਰੰਟੀ ਲੈਂਦੇ ਹਾਂ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਰੋਡਮੈਪ ਤਿਆਰ ਹੈ। ਇਕੱਲੇ- ਇਕੱਲੇ ਵਰਗ ਦੇ ਵਿਕਾਸ ਲਈ ਰੋਡਮੈਪ ਤਿਆਰ ਹੈ। ਰੋਡਮੈਪ ਬਾਰੇ ਸਮੇਂ- ਸਮੇਂ ਦੱਸਦੇ ਰਹਾਂਗੇ।'' ਮਾਨ ਨੇ ਕਿਹਾ ਕਿ ਜੇ ਨੀਅਤ ਸਾਫ਼ ਹੋਵੇ ਤਾਂ ਖ਼ਜ਼ਾਨਾ ਭਰਿਆ ਜਾਂਦਾ ਹੈ। ਸਰਕਾਰੀ ਖ਼ਜ਼ਾਨੇ ਦੀ ਲੁੱਟ- ਘਸੁੱਟ ਬੰਦ ਕਰਕੇ ਖ਼ਜ਼ਾਨੇ ਨੂੰ ਭਰਿਆ ਜਾਵੇਗਾ ਅਤੇ ਖ਼ਜ਼ਾਨੇ ਦਾ ਮੂੰਹ ਲੋਕਾਂ ਦੀਆਂ ਸਹੂਲਤਾਂ ਲਈ ਖੋਲ੍ਹਿਆ ਜਾਵੇਗਾ। ਫਿਰ ਪੰਜਾਬ ਦਾ ਕੋਈ ਸਕੂਲ ਅਜਿਹਾ ਨਹੀਂ ਹੋਵੇਗਾ, ਜਿੱਥੇ ਅਧਿਆਪਕ ਨਾ ਹੋਵੇ। ਹਸਪਤਾਲ ਅਜਿਹਾ ਨਹੀਂ ਹੋਵੇਗਾ, ਜਿੱਥੇ ਡਾਕਟਰ, ਇਲਾਜ ਅਤੇ ਦਵਾਈ ਤੋਂ ਬਿਨਾਂ ਕਿਸੇ ਨੂੰ ਜਾਨ ਗੁਆਉਣੀ ਪਵੇ।
ਇਹ ਵੀ ਪੜ੍ਹੋ :ਵਿਧਾਨ ਸਭਾ ਚੋਣਾਂ 2022: ਆਪ ਨੇ 5 ਹੋਰ ਉਮੀਦਵਾਰਾਂ ਦੀ 9ਵੀਂ ਲਿਸਟ ਕੀਤੀ ਜਾਰੀ