ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਕਿਸੇ ਹੱਥੋਂ ਗੁੰਮਰਾਹ ਨਹੀਂ ਹੋ ਰਹੇ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਗੁੰਮਰਾਹ ਹੋ ਗਏ ਹਨ ਅਤੇ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਲਈ ਅੰਨਦਾਤਾ ਨੂੰ ਬਲੀ ਚੜ੍ਹਾ ਰਹੇ ਹਨ। ਜਿਸ ਕਰਕੇ ਆਪਣੀ ਹੋਂਦ ਬਚਾਉਣ ਲਈ ਪੰਜਾਬ ਸਮੇਤ ਦੇਸ਼ ਦਾ ਅੰਨਦਾਤਾ ਆਪਣੇ ਘਰਾਂ-ਖੇਤਾਂ ਤੋਂ ਸੈਂਕੜੇ ਮੀਲ ਦੂਰ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦੀ ਸੜਕਾਂ 'ਤੇ ਬੈਠਣ ਲਈ ਮਜ਼ਬੂਰ ਹਨ।
ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਪ੍ਰਧਾਨ ਮੰਤਰੀ ਮੋਦੀ ਇਸ ਕਦਰ ਅੰਨ੍ਹੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਿਨਾਂ ਦੇਸ਼ ਦੇ ਕਿਸਾਨ, ਮਜ਼ਦੂਰ ਤੇ ਵਪਾਰੀ-ਕਾਰੋਬਾਰੀ ਸਮੇਤ ਆਮ ਆਦਮੀ ਦਿਖਾਈ ਹੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਜੋ ਨਵੇਂ ਖੇਤੀ ਕਾਨੂੰਨਾਂ ਲਈ ਕ੍ਰਾਂਤੀਕਾਰੀ-ਕ੍ਰਾਂਤੀਕਾਰੀ ਦਾ ਪਾਠ ਕੀਤਾ ਜਾ ਰਿਹਾ ਹੈ, ਜੇਕਰ ਸੱਚੀ ਕਿਸਾਨ ਪੱਖੀ ਹੁੰਦੀ ਤਾਂ ਕੋਈ ਕਿਸਾਨ ਤਾਂ ਇਸ ਦੀ ਹਿਮਾਇਤ ਉੱਤੇ ਆਉਂਦਾ। ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਨਾਲ ਸਬੰਧਿਤ ਭਾਰਤੀ ਕਿਸਾਨ ਸੰਘ ਵੱਲੋਂ ਵੀ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਅਤੇ ਕਿਸਾਨੀ ਅੰਦੋਲਨ ਦੀ ਹਿਮਾਇਤ ਕੀਤੇ ਜਾਣ ਤੋਂ ਮੋਦੀ ਸਰਕਾਰ ਨੂੰ ਸਬਕ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਬਾਰੇ ਜਿਨ੍ਹਾਂ ਕਾਨੂੰਨਾਂ ਨੂੰ ਪ੍ਰਧਾਨ ਮੋਦੀ ਇਤਿਹਾਸਕ ਕਰਾਰ ਦੇ ਰਹੇ ਹਨ ਅਸਲ 'ਚ ਇਹ ਕਾਲੇ ਕਾਨੂੰਨ ਇਤਿਹਾਸਕ ਗ਼ਲਤੀ ਸਿੱਧ ਹੋਣਗੇ ਇਸ ਲਈ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਇਹ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ।