ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਇੱਕ ਤਾਨਾਸ਼ਾਹੀ ਰਾਜਾ‘ ਕਰਾਰ ਦਿੰਦੇ ਹੋਏ ਕਿਹਾ ਕਿ ਹਿਟਲਰ ਦੀ ਤਰਾਂ ਅਮਰਿੰਦਰ ਸਿੰਘ ਕੋਲੋਂ ਵੀ ਆਪਣੀ ਨੁਕਤਾਚੀਨੀ ਝੱਲੀ ਨਹੀਂ ਜਾਂਦੀ। ਇਹੋ ਕਾਰਨ ਹੈ ਕਿ ਜੋ ਵੀ ਅਮਰਿੰਦਰ ਸਰਕਾਰ ਦੀ ਭ੍ਰਿਸ਼ਟ, ਨਿਕੰਮੀ ਅਤੇ ਮਾਫੀਆ ਪ੍ਰਸਤ ਕਾਰਜਸ਼ੈਲੀ ਦੀ ਆਲੋਚਨਾ ਕਰਦਾ ਹੈ, ‘ਰਾਜਾਸ਼ਾਹੀ‘ ਸਰਕਾਰ ਉਸ ਵਿਰੁੱਧ ਹਰ ਹੱਦ ਤੱਕ ਜਾਂਦੀ ਹੈ, ਚਾਹੇ ਉਹ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੀਨੀਅਰ ਲੀਡਰ ਹੀ ਕਿਉਂ ਨਾ ਹੋਣ।
ਐਤਵਾਰ ਨੂੰ ਬਿਆਨ ਜਾਰੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਰਾਜ ਸਭਾ ਮੈਬਰਾਂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ-ਸ਼ਮਸ਼ੇਰ ਸਿੰਘ ਦੂਲੋ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਬੇਸ਼ੱਕ ਕੁਰਸੀ ਨੂੰ ਲੈ ਕੇ ਅੰਦਰੂਨੀ ਜੰਗ ਛਿੜੀ ਹੋਈ ਹੈ।
ਇਸ ਨੂੰ ਕਾਂਗਰਸ ਦਾ ਅੰਦਰੂਨੀ ਮਾਮਲਾ ਕਹਿ ਸਕਦੇ ਹਾਂ, ਪਰੰਤੂ ਬਾਜਵਾ ਅਤੇ ਦੂਲੋ ਮੁੱਖ ਮੰਤਰੀ ਦੀ ਨਾਕਾਬਲ, ਭ੍ਰਿਸ਼ਟ ਅਤੇ ਰਾਜਾਸ਼ਾਹੀ ਕਾਰਜਸ਼ੈਲੀ ਬਾਰੇ ਜੋ ਦੋਸ਼ ਲਗਾ ਰਹੇ ਹਨ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਹ ਗੱਲਾਂ ਜਿੰਮੇਵਾਰੀ ਨਾਲ ਕਹਿੰਦੀ ਆ ਰਹੀ ਹੈ।
ਭਗਵੰਤ ਮਾਨ ਨੇ ਕਿਹਾ, "ਰਾਜਾ ਸਾਬ੍ਹ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਬਾਦਲਾਂ ਵਾਂਗ ਲੋਕਾਂ ਦੇ ਪੂਰੀ ਤਰਾਂ ਨੱਕੋਂ- ਬੁੱਲੋਂ ਉੱਤਰ ਚੁਕੇ ਹਨ। ਇਸ ਲਈ ਜਾਂਦੇ-ਜਾਂਦੇ ਜੋ ਲੁੱਟ-ਖਸੁੱਟ, ਐਸ਼ੋ-ਆਰਾਮ ਅਤੇ ਤਾਨਾਸ਼ਾਹੀ ਹੁੰਦੀ ਹੈ, ਉਹ ਕਰ ਲਈ ਜਾਵੇ।“ ਭਗਵੰਤ ਮਾਨ ਨੇ ਨਾਲ ਹੀ ਤੰਜ ਕੱਸਿਆ ਕਿ ਜੇਕਰ ਮੁੱਖ ਮੰਤਰੀ ਨੇ ਕੰਮ ਹੀ ਨਹੀਂ ਕਰਨਾ ਤਾਂ ਉਹ ਆਪਣੀ ਨੁਕਤਾਚੀਨੀ ਝੱਲਣਾ ਸਿੱਖਣ।
ਮਾਨ ਨੇ ਇਹ ਵੀ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕੋਲੋਂ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਹੋਣ ਦੇ ਬਹਾਨੇ ਨਾਲ ਜਿਵੇਂ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਖੋਹ ਲਈ ਗਈ ਹੈ, ਇਹ ਪੈਮਾਨਾ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਹੋਰ ਆਗੂਆਂ ‘ਤੇ ਕਿਉਂ ਨਹੀਂ ਲਾਗੂ ਹੋ ਸਕਦਾ ਜਿਨ੍ਹਾਂ ਕੋਲ ਵੱਡੀ ਗਿਣਤੀ ‘ਚ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਮਜੀਠੀਆ ਅਤੇ ਬਾਦਲ ਪਰਿਵਾਰ ਦੀ ਸੁਰੱਖਿਆ ਛਤਰੀ ਬਾਰੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣ।