ਚੰਡੀਗੜ੍ਹ: ਪੰਜਾਬ ਨੂੰ ਜਲਦੀ ਹੀ ਨਵਾਂ ਡੀਜੀਪੀ ਮਿਲ ਸਕਦਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰੀ ਡੈਪੂਟੇਸ਼ਨ 'ਤੇ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਵੀ ਭੇਜਿਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਸਰਕਾਰ ਨੂੰ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਸਰਕਾਰ ਵੀ.ਕੀ ਭਾਵਰਾ ਤੋਂ ਨਾਰਾਜ਼ ਹੈ। ਹਾਲਾਂਕਿ ਰਸਮੀ ਤੌਰ 'ਤੇ ਡੀਜੀਪੀ ਭਾਵਰਾ ਦਾ ਡੈਂਪੂਟੇਸ਼ਨ ਤੇ ਜਾਣ ਸਬੰਧੀ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਹਰਪ੍ਰੀਤ ਸਿੱਧੂ ਵੀ ਨਵੇਂ ਡੀਜੀਪੀ ਦੀ ਦੌੜ ’ਚ:ਨਵੇਂ ਡੀਜੀਪੀ ਦੀ ਦੌੜ ਵਿੱਚ ਪੰਜਾਬ ਸਪੈਸ਼ਲ ਟਾਸਕ ਫੋਰਸ ਯਾਨੀ ਐੱਸਟੀਐਫ ਦੇ ਮੁਖੀ ਹਰਪ੍ਰੀਤ ਸਿੱਧੂ ਦਾ ਨਾਂ ਸ਼ਾਮਿਲ ਹੈ। ਇੰਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਚਰਚਾ ਚੱਲ ਰਹੀ ਹੈ ਜੇਕਰ ਵੀ.ਕੇ ਭਾਵਰਾ ਕੇਂਦਰ ਵਿੱਚ ਜਾਂਦੇ ਹਨ ਤਾਂ ਗੌਰਵ ਯਾਦਵ ਨੂੰ ਪੰਜਾਬ ਸਰਕਾਰ ਨਵੇਂ ਡੀਜੀਪੀ ਵਜੋਂ ਨਿਯੁਕਤ ਕਰ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੌਰਵ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ।
ਭਾਵਰਾ ਦੀ ਕਾਂਗਰਸ ਸਰਕਾਰ ਸਮੇਂ ਹੋਈ ਸੀ ਨਿਯੁਕਤੀ: ਇੱਥੇ ਵੀ ਦੱਸਣਾ ਬਣਦਾ ਹੈ ਹੈ ਕਿ ਜੋ ਮੌਜੂਦਾ ਪੰਜਾਬ ਪੁਲਿਸ ਦੇ ਡੀਜੀਪੀ ਹਨ ਉਨ੍ਹਾਂ ਦੀ ਨਿਯੁਕਤੀ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਈ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਹੋਈਆਂ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਪਰ ਨਵੀਂ ਸਰਕਾਰ ਤੋਂ ਬਾਅਦ ਵੀ ਡੀਜੀਪੀ ਭਾਵਰਾ ਹੀ ਰਹੇ।
ਮੂਸੇਵਾਲਾ ਮਾਮਲੇ ਚ ਘਿਰੀ ਮਾਨ ਸਰਕਾਰ: ਇਸੇ ਵਿਚਾਲੇ ਹੀ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਤੋਂ ਬਾਅਦ ਲਗਾਤਾਰ ਵਿਰੋਧੀਆਂ ਤੋਂ ਇਲਾਵਾ ਆਮ ਲੋਕ ਵੀ ਸਰਕਾਰ ਦੇ ਉਲਟ ਹੋ ਗਏ। ਇਸ ਦਾ ਨਤੀਜਾ ਸਰਕਾਰ ਨੂੰ ਹੁਣ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਭੁਗਤਣਾ ਪਿਆ।