ਚੰਡੀਗੜ੍ਹ: ਕਾਂਗਰਸੀ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਔਜਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਕਈ ਵਾਰ ਭਗਵੰਤ ਮਾਨ ਨੂੰ ਸੱਦਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਨਾ ਤਾਂ ਉਹ ਖੁਦ ਪ੍ਰਦਰਸ਼ਨ 'ਚ ਸ਼ਾਮਲ ਹੋਏ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਅਪਣਾ ਕੋਈ ਨੁਮਾਇੰਦਾ ਭੇਜਿਆ।
ਗੁਰਜੀਤ ਔਜਲਾ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਸਾਨ ਵਿਰੋਧੀ ਬਿੱਲ ਦੇ ਖ਼ਿਲਾਫ਼ ਅਤੇ ਇਹਨਾਂ ਨੂੰ ਵਾਪਸ ਕਰਵਾਉਣ ਲਈ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਘਰਸ਼ ਕੀਤਾ, ਜੋ ਸਾਰਾ ਲੋਕ ਸਭਾ ਦੇ ਰਿਕਾਰਡ 'ਚ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ, ਨਿਊਜ਼ ਮੀਡੀਆ ਦੇ ਪੋਰਟਲਾਂ 'ਤੇ ਵੀ ਉਪਲਬਧ ਹੈ।
ਉਹਨਾਂ ਅੱਗੇ ਲਿਖਿਆ ਕਿ ਅਸੀਂ ਪੂਰਾ ਇੱਕ ਸਾਲ ਜੰਤਰ-ਮੰਤਰ 'ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਤੇ ਇਸ ਲਈ ਅਸੀਂ ਭਗਵੰਤ ਮਾਨ ਨੂੰ ਸੱਦਾ ਵੀ ਦਿੰਦੇ ਰਹੇ ਕਿ ਉਹ ਸਾਡੇ ਨਾਲ ਇਹਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਪਰ ਨਾ ਤਾਂ ਉਹ ਆਪ ਆਏ ਅਤੇ ਨਾ ਹੀ ਉਹਨਾਂ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣਾ ਕੋਈ ਨੁਮਾਇੰਦਾ ਭੇਜਿਆ। ਜਦਕਿ ਜੰਤਰ-ਮੰਤਰ ਅਰਵਿੰਦ ਕੇਜਰੀਵਾਲ ਦਾ ਆਪਣਾ ਵਿਧਾਨ ਸਭਾ ਹਲਕਾ ਵੀ ਹੈ।