ਚੰਡੀਗੜ੍ਹ:ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ (bhagwant maan inducts 10 ministers in his cabinet)। ਪੂਰਾ ਮੰਤਰੀ ਮੰਡਲ ਨਹੀਂ ਬਣਾਇਆ ਗਿਆ ਹੈ। ਪਹਿਲੀ ਵਾਰ 10 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਅਜਿਹੇ ਵਿਧਾਇਕ ਹਨ, ਜਿਹੜੇ ਦੂਜੀ ਵਾਰ ਜਿੱਤੇ ਹਨ।
ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਕਾਫੀ ਸੰਤੁਲਨ ਬਣਿਆ ਹੋਇਆ ਦੇਖਿਆ ਜਾ ਰਿਹਾ ਹੈ। ਜਾਤ ਅਧਾਰਤ, ਧਰਮ ਅਧਾਰਤ ਕੈਬਨਿਟ ਤੋਂ ਇਲਾਵਾ ਮਾਲਵੇ ਵਿੱਚੋਂ ਸਰਕਾਰ ਬਣਾਉਣ ਜਿੰਨੇ ਵਿਧਾਇਕ ਜਿੱਤਣ ਦੇ ਬਾਵਜੂਦ ਮਾਝੇ ਤੇ ਦੋਆਬੇ ਦੇ ਲੋਕਾਂ ਦੇ ਪਿਆਰ ਦਾ ਮੁੱਲ ਮੋੜਨ ਲਈ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ।
ਇਨ੍ਹਾਂ ਨਵੇਂ ਚਿਹਰਿਆਂ ਨੂੰ ਮਿਲੀ ਥਾਂ
ਸੀਐੱਮ ਭਗਵੰਤ ਮਾਨ ਦੇ ਮੰਤਰੀ ਮੰਡਲ ’ਚ ਨਵਿਆਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨਵਿਆਂ ਚਿਹਰਿਆਂ ’ਚ ਵਿਧਾਨਸਭਾ ਹਲਕਾ ਮਲੋਟ ਤੋਂ ਡਾ. ਬਲਜੀਤ ਕੌਰ, ਵਿਧਾਨਸਭਾ ਹਲਕਾ ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਵਿਧਾਨਸਭਾ ਹਲਕਾ ਮਾਨਸਾ ਤੋਂ ਡਾ. ਵਿਜੈ ਸਿੰਗਲਾ, ਵਿਧਾਨਸਭਾ ਹਲਕਾ ਭੋਆ ਤੋਂ ਲਾਲ ਚੰਦ ਕਟਾਰੂਚੱਕ, ਵਿਧਾਨਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਵਿਧਾਨਸਭਾ ਹਲਕਾ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਵਿਧਾਨਸਭਾ ਹਲਕਾ ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਹਨ ਦੋ ਪੁਰਾਣੇ ਚਿਹਰੇ
ਸੀਐੱਮ ਮਾਨ ਨੇ ਜਿੱਥੇ 8 ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਦੋ ਪੁਰਾਣੇ ਚਿਹਰਿਆਂ ਨੂੰ ਮੰਤਰੀ ਮੰਡਲ ’ਚ ਥਾਂ ਦਿੱਤੀ ਗਈ ਹੈ। ਜਿਨ੍ਹਾਂ ’ਚ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਮੰਤਰੀ ਹਨ ਸਭ ਤੋਂ ਅਮੀਰ
ਉੱਥੇ ਹੀ ਜੇਕਰ ਮੰਤਰੀ ਮੰਡਲ ’ਚ ਸ਼ਾਮਲ 10 ਮੰਤਰੀਆਂ ਚੋਂ 8 ਮੰਤਰੀ ਅਮੀਰ ਹਨ। ਸੀਐੱਮ ਭਗਵੰਤ ਮਾਨ ਖ਼ੁਦ ਵੀ ਕਰੋੜਪਤੀ ਹਨ। ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ. ਟੀ. ਓ.,ਡਾ. ਵਿਜੈ ਸਿੰਗਲਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ, ਹਰਜੋਤ ਸਿੰਘ ਬੈਂਸ ਅਮੀਰ ਮੰਤਰੀ ਹਨ। ਇਨ੍ਹਾਂ ਚੋਂ ਸਭ ਤੋਂ ਅਮੀਰ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹਨ। 56 ਸਾਲਾਂ ਬ੍ਰਹਮ ਸ਼ੰਕਰ ਜਿੰਪਾ ਦੇ ਕੋਲ 8.56 ਕਰੋੜ ਰੁਪਏ ਦੀ ਸੰਪਤੀ ਹੈ।
ਘੱਟ ਜਾਇਦਾਦ ਵਾਲੇ ਮੰਤਰੀ
ਇਨ੍ਹਾਂ ਮੰਤਰੀਆਂ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਘੱਟ ਸੰਪਤੀ ਵਾਲੇ ਮੰਤਰੀਆਂ ਦੀ ਤਾਂ 10 ਮੰਤਰੀਆਂ ਚੋਂ ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ ਕਰੋੜਪਤੀ ਨਹੀਂ ਹਨ। ਲਾਲ ਚੰਦ ਕਟਾਰੂਚੱਕ ਸਭ ਤੋਂ ਘੱਟ ਜਾਇਦਾਦ ਵਾਲੇ ਮੰਤਰੀ ਹਨ ਜਿਨ੍ਹਾਂ ਕੋਲ 6.19 ਲੱਖ ਰੁਪਏ ਦੀ ਜਾਇਦਾਦ ਹੈ ਜਦਕਿ ਗੁਰਮੀਤ ਮੀਤ ਹੇਅਰ ਕੋਲ 44.06 ਲੱਖ ਰੁਪਏ ਦੀ ਜਾਇਦਾਦ ਹੈ।
ਮੰਤਰੀ ਮੰਡਲ ਦੇ ਮੰਤਰੀਆਂ ਦੀ ਸਿੱਖਿਆ
ਇਸ ਤੋਂ ਇਲਾਵਾ ਜੇਕਰ ਮਾਨ ਦੀ ਟੀਮ ਦੇ ਮੰਤਰੀਆਂ ਦੀ ਪੜਾਈ ਲਿਖਾਈ ਦੀ ਗੱਲ ਕੀਤੀ ਜਾਵੇ ਤਾਂ ਮੰਤਰੀ ਮੰਡਲ ਦੇ ਦੋ ਮੰਤਰੀ 10ਵੀਂ ਪਾਸ ਹਨ ਜਦਕਿ ਦੋ ਮੰਤਰੀ 12ਵੀਂ ਪਾਸ ਹਨ। ਮੰਤਰੀ ਮੰਡਲ ’ਚ 10ਵੀਂ ਪਾਸ ਮੰਤਰੀਆਂ ’ਚ ਅਜਨਾਲਾ ਤੋਂ ਜੇਤੂ ਕੁਲਦੀਪ ਸਿੰਘ ਧਾਲੀਵਾਲ ਅਤੇ ਭੋਆ ਤੋਂ ਜੇਤੂ ਲਾਲ ਚੰਦ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ 12ਵੀਂ ਪਾਸ ਹਨ।
ਹਰਪਾਲ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਿਲ ਕੀਤੀ ਹੈ। ਡਾ. ਬਲਜੀਤ ਕੌਰ ਨੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਤੋਂ ਤਿੰਨ ਮਹੀਨਾ ਪਹਿਲਾਂ ਸਰਕਾਰੀ ਨੌਕਰੀ ਛੱਡ ਦਿੱਤੀ। ਹਰਭਜਨ ਸਿੰਘ ਈਟੀਓ ਸਾਲ 2012 ’ਚ ਪੀਸੀਐਸ ਪ੍ਰੀਖਿਆ ਪਾਸ ਕਰਕੇ ਈਟੀਓ ਬਣੇ। ਡਾ. ਵਿਜੇ ਸਿੰਗਲਾ ਪੇਸ਼ੇ ਵਜੋਂ ਦੰਦਾਂ ਦੇ ਡਾਕਟਰ ਹਨ। ਮੀਤ ਹੇਅਰ ਨੇ ਪੀਟੀਯੂ ਜਲੰਧਰ ਤੋਂ ਸਾਲ 2012 ’ਚ ਬੀਟੈੱਕ ਪਾਸ ਕੀਤੀ।
ਇਹ ਵੀ ਪੜੋ:ਦੁਪਹਿਰ 2 ਵਜੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ