ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਰ ਅਤੇ ਆਬਕਾਰੀ ਵਿਭਾਗ ‘ਚ 100 ਕਰੋੜ ਤੋਂ ਵੱਧ ਦੇ ਜੀਐੱਸਟੀ (ਟੈੱਕਸ) ਚੋਰੀ ਘੁਟਾਲੇ ਨੂੰ ਲੈ ਸੂਬਾ ਸਰਕਾਰ 'ਤੇ ਨਿਸ਼ਾਨਾ ਵਿਨ੍ਹਿਆ ਹੈ। ਭਗਵੰਤ ਮਾਨ ਨੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਖ਼ਜ਼ਾਨਾ ਸਿਰਫ ਲੋਕਾਂ ਲਈ ਖਾਲੀ ਹੈ, ਭ੍ਰਿਸ਼ਟਾਚਾਰ, ਦਲਾਲਾਂ ਅਤੇ ਤਸਕਰਾਂ/ ਮਾਫੀਆ ਦੇ ਲੁੱਟਣ ਲਈ ਸਰਕਾਰੀ ਸੋਮੇ ਨੱਕੋ ਨੱਕ ਭਰੇ ਹੋਏ ਹਨ।
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਲਾਲਾਂ, ਭ੍ਰਿਸ਼ਟਾਰਚਾਰੀਆਂ ਅਤੇ ਮਾਫ਼ੀਆਂ ਦੀ ਪਰਛਾਈ ‘ਚ ਰਹਿਣ ਵਾਲਾ ਪੂਰੀ ਤਰ੍ਹਾਂ ਫੇਲ ਮੁੱਖ ਮੰਤਰੀ ਕਰਾਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕਰ ਅਤੇ ਆਬਕਾਰੀ ਮਹਿਕਮੇ ਦਾ ਇਹ ਭ੍ਰਿਸ਼ਟਾਚਾਰੀ ਗਿਰੋਹ ਰਾਤੋਂ-ਰਾਤ ਪੈਦਾ ਨਹੀਂ ਹੋਇਆ, ਬਲਕਿ ਬਾਦਲਾਂ ਦੇ ਰਾਜ ਵੇਲੇ ਤੋਂ ਚਲਦਾ ਆ ਰਿਹਾ ਹੈ। ਉਨ੍ਹਾਂ ਇਸ ਪੂਰੇ ਗਿਰੋਹ ਦੀ ਨਿਰਪੱਖ ਜਾਂਚ ਹਾਈਕੋਰਟ ਦੇ ਜੱਜਾਂ ਦੀ ਨਿਗਰਾਨੀ ਹੇਠ ਕਰਵਾਉਣ ਦੀ ਗੱਲ ਆਖੀ ਹੈ।