ਪੰਜਾਬ

punjab

ETV Bharat / city

ਮੌਨਸੂਨ ਇਜਲਾਸ 'ਚ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਹੋਵੇਗੀ ਪੰਜਾਬ ਦੇ ਸਾਂਸਦਾਂ ਦੀ ਪਰਖ਼ - ਭਗਵੰਤ ਮਾਨ

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਸਾਂਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਮੌਨਸੂਨ ਸੈਸ਼ਨ ਵਿੱਚ ਪੰਜਾਬ ਦੇ ਸਾਂਸਦਾਂ ਦੀ ਪਰਖ਼ ਹੋਣੀ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਖੜ੍ਹਦੇ ਹਨ ਜਾਂ ਨਹੀਂ।

ਮੌਨਸੂਨ ਇਜਲਾਸ 'ਚ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਹੋਵੇਗੀ ਪੰਜਾਬ ਦੇ ਸਾਂਸਦਾਂ ਦੀ ਪਰਖ਼
ਮੌਨਸੂਨ ਇਜਲਾਸ 'ਚ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਹੋਵੇਗੀ ਪੰਜਾਬ ਦੇ ਸਾਂਸਦਾਂ ਦੀ ਪਰਖ਼

By

Published : Sep 13, 2020, 7:08 PM IST

ਚੰਡੀਗੜ੍ਹ: ਸੋਮਵਾਰ ਤੋਂ ਸੰਸਦ ਵਿੱਚ ਮੌਨਸੂਨ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੈਸ਼ਨ ਵਿੱਚ ਪੰਜਾਬ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਆਰਡੀਨੈਂਸਾਂ ਦਾ ਮੁੱਦਾ ਸਭ ਤੋਂ ਸਰਗਰਮ ਹੋਣ ਦੀ ਉਮੀਦ ਹੈ। ਇਸੇ ਤਹਿਤ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਸੰਸਦ ਦੇ ਮੌਨਸੂਨ ਸੈਸ਼ਨ ‘ਚ ਖੇਤੀ ਆਰਡੀਨੈਸਾਂ ਵਿਰੁੱਧ ਇਕਸੁਰ ਹੋ ਕੇ ਬੋਲਣ ਅਤੇ ਵਿਰੋਧ ‘ਚ ਵੋਟ ਕਰਨ ਦੀ ਅਪੀਲ ਕੀਤੀ ਹੈ।

ਸੈਸ਼ਨ 'ਚ ਹੋਵੇਗੀ ਸਾਂਸਦਾਂ ਦੀ ਪਰਖ਼

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੰਸਦ ਦਾ ਇਹ ਇਜਲਾਸ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਪਰਖ ਕਰੇਗਾ ਕਿ ਉਹ ਪੰਜਾਬ ਨਾਲ ਖੜਦੇ ਹਨ ਜਾਂ ਵਜ਼ੀਰੀਆਂ-ਬੇਵਸੀਆਂ ਅੱਗੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਵਿਰੁੱਧ ਭੁਗਤਦੇ ਹਨ?

ਮਾਨ ਅਨੁਸਾਰ, ‘‘ ਖੇਤੀ ਆਰਡੀਨੈਂਸ ਪੇਸ਼ ਹੋਣ ਵਾਲੇ ਦਿਨ ਜਿਵੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਤੇ ਸਾਰੇ ਪੰਜਾਬ ਦੀ ਬਾਹਰੋ ਨਜ਼ਰ ਰਹੇਗੀ ਉਵੇਂ ਮੈਂ ਪਾਰਲੀਮੈਂਟ ਦੇ ਅੰਦਰ ਰਖਾਂਗਾ ਅਤੇ ਦੱਸਾਂਗਾ ਕਿ ਇਹ ਪਾਰਟੀ ਪੰਜਾਬ ਦੇ ਹਿੱਤ ਵਿੱਚ ਭੁਗਤੀ ਹੈ ਜਾਂ ਵਿਰੋਧ ਵਿੱਚ।’’

ਬੇਚੈਨ ਬਾਦਲ ਪਰਿਵਾਰ

ਭਗਵੰਤ ਮਾਨ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਬਾਦਲ ਦਲ ਦੀ ਕੋਰ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ ਨੇ 2 ਤੱਥ ਉਜਾਗਰ ਕਰ ਦਿੱਤੇ ਹਨ। ਪਹਿਲਾ ਇਹ ਹੁਣ ਤੱਕ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਸਿੱਧੀ ਵਕਾਲਤ ਕਰਦੇ ਆ ਰਹੇ ਬਾਦਲ ਪਰਿਵਾਰ ਨੂੰ ਜ਼ਮੀਨੀ ਹਕੀਕਤ ਨੇ ਬੁਰੀ ਤਰ੍ਹਾਂ ਬੇਚੈਨ ਕਰ ਦਿੱਤਾ ਹੈ, ਕਿਉਂਕਿ ਜੇ ਬਾਦਲ ਜੋੜਾ ਪਾਰਲੀਮੈਂਟ ‘ਚ ਮੋਦੀ ਦੇ ਆਰਡੀਨੈਸਾਂ ਵਿਰੁੱਧ ਬੋਲਣ ਅਤੇ ਵੋਟ ਪਾਉਣ ਦੀ ਹਿੰਮਤ ਦਿਖਾਉਦਾ ਹੈ ਤਾਂ ਬੀਬੀ ਹਰਸਿਮਰਤ ਕੌਰ ਦੀ ਵਜ਼ੀਰੀ ਅਤੇ ਬਿਕਰਮ ਸਿੰਘ ਮਜੀਠੀਆ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਲਟਕੀ ਹੋਈ ਤਲਵਾਰ ਡਿੱਗ ਸਕਦੀ ਹੈ।

ਕੀ ਵਜ਼ੀਰੀ ਛੱਡ ਕਿਸਾਨਾਂ ਦੇ ਹੱਕ 'ਚ ਆਵੇਗਾ ਬਾਦਲ ਪਰਿਵਾਰ?

ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਬਾਦਲ ਪਰਿਵਾਰ ਪੰਜਾਬ ਦੀ ਖੇਤੀਬਾੜੀ, ਕਿਸਾਨਾਂ, ਮਜਦੂਰਾਂ, ਆੜਤੀਆਂ, ਪੱਲੇਦਾਰਾਂ, ਟਰਾਂਸਪੋਰਟਰਾਂ ਆਦਿ ਸਮੇਤ ਸੰਘੀ ਢਾਂਚੇ ਦੀ ਰਖਵਾਲੀ ਲਈ ਇਹ ‘ਤੁੱਛ ਕੁਰਬਾਨੀ’ ਕਰ ਸਕੇਗਾ? ਕਿਉਂਕਿ ਅਜਿਹਾ ਸਟੈਂਡ ਬਾਦਲ ਪਰਿਵਾਰ ਅੰਦਰ ਭਖੀ ਘਰੇਲੂ ਖਾਨਾਜੰਗੀ ਨੂੰ ਤੂਲ ਦੇਵੇਗਾ, ਜਿਸਦੀ ਬੱਦਲਵਾਈ ਕਾਫ਼ੀ ਲੰਬੇ ਸਮੇਂ ਤੋਂ ਦਿਖ ਰਹੀ ਹੈ।

ਇਹੋ ਕਾਰਨ ਹੈ ਕਿ ਨੂੰਹ-ਰਾਣੀ ਦੀ ਕੁਰਸੀ ਅਤੇ ਮਜੀਠੀਆਂ ਨੂੰ ਬਚਾਉਦੇ-ਬਚਾਉਦੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਹਾਕਿਆਂ ਪੁਰਾਣੇ ਸਟੈਂਡ-ਸਿਧਾਂਤ ਅਤੇ ਪੰਜਾਬ-ਪੰਜਾਬੀਆਂ ਦੇ ਹਿੱਤ ਮੋਦੀ ਸਰਕਾਰ ਕੋਲ ਪੁਰੀ ਤਰ੍ਹਾਂ ਵੇਚ ਦਿੱਤੇ ਹਨ।

ਮਾਨ ਨੇ ਕਿਹਾ, ‘‘ਬਾਦਲ ਐਂਡ ਪਾਰਟੀ ਦੇ ਮੌਜੂਦਾ ਹਾਲਾਤ ਸਪੱਸ਼ਟ ਦੱਸ ਰਹੇ ਹਨ ਕਿ ਅਸੂਲਾਂ-ਸਿਧਾਂਤਾਂ ਅਤੇ ਕੁਰਬਾਨੀਆਂ ਨਾਲ 1920 ’ਚ ਹੋਂਦ ’ਚ ਆਏ ਸ਼੍ਰੋਮਣੀ ਅਕਾਲੀ ਦਲ ਇੱਕ ਟੱਬਰ ਦੀ ਲੋਭ-ਲਾਲਸਾ ਕਾਰਨ ਪੂਰੀ ਇੱਕ ਸਦੀ ਬਾਅਦ ਕਿਵੇਂ ਬਲੀ ਚੜਿਆ ਹੈ।’’

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਦੇ ਲਾਗੂ ਕੀਤੇ ਜਾਣ ਨੂੰ ਲੈ ਕੇ ਸੂਬੇ ਦੀ ਸਿਆਸਤ ਭਖੀ ਹੋਈ ਹੈ। ਪੰਜਾਬ ਵਿੱਚ ਜਿਥੇ ਕਿਸਾਨਾਂ ਵੱਲੋਂ ਵੀ ਇਨ੍ਹਾਂ ਆਰਡੀਨੈਂਸਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਕਾਂਗਰਸ ਵੱਲੋਂ ਵੀ ਇਨ੍ਹਾਂ ਆਰਡੀਨੈਂਸਾਂ ਦੇ ਵਿਰੁੱਧ ਮਤਾ ਪਾਸ ਕੀਤਾ ਹੈ।

ABOUT THE AUTHOR

...view details