ਚੰਡੀਗੜ੍ਹ:ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ (bhagwant maan inducts 10 ministers in his cabinet)। ਪੂਰਾ ਮੰਤਰੀ ਮੰਡਲ ਨਹੀਂ ਬਣਾਇਆ ਗਿਆ ਹੈ। ਪਹਿਲੀ ਵਾਰ 10 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਅਜਿਹੇ ਵਿਧਾਇਕ ਹਨ, ਜਿਹੜੇ ਦੂਜੀ ਵਾਰ ਜਿੱਤੇ ਹਨ।
ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਕਾਫੀ ਸੰਤੁਲਨ ਬਣਾਇਆ ਗਿਆ ਹੈ। ਜਾਤ ਅਧਾਰਤ, ਧਰਮ ਅਧਾਰਤ ਕੈਬਨਿਟ ਤੋਂ ਇਲਾਵਾ ਮਾਲਵੇ ਵਿੱਚੋਂ ਸਰਕਾਰ ਬਣਾਉਣ ਜਿੰਨੇ ਵਿਧਾਇਕ ਜਿੱਤਣ ਦੇ ਬਾਵਜੂਦ ਮਾਝੇ ਤੇ ਦੋਆਬੇ ਦੇ ਲੋਕਾਂ ਦੇ ਪਿਆਰ ਦਾ ਮੁੱਲ ਮੋੜਨ ਲਈ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਸਾਰੇ ਪੁਰਾਣੇ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਪਰ ਫਿਲਹਾਲ ਇਨ੍ਹਾਂ ਵਿੱਚੋਂ ਸਿਰਫ ਦੋ ਪੁਰਾਣੇ ਚਿਹਰਿਆਂ ਨੂੰ ਥਾਂ ਮਿਲੀ ਹੈ। ਪੰਜਾਬ ਵਿਧਾਨ ਸਭਾ ਦੀਆਂ ਕੁਲ 117 ਸੀਟਾਂ ਹਨ ਤੇ ਇਸ ਲਿਹਾਜ ਨਾਲ ਮੁੱਖ ਮੰਤਰੀ ਸਮੇਤ ਕੁਲ 17 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਫਿਲਹਾਲ ਸਰਕਾਰ ਨੇ 10 ਮੰਤਰੀਆਂ ਦੇ ਨਾਮ ਐਲਾਨੇ ਹਨ ਤੇ ਇੱਕ ਭਗਵੰਤ ਮਾਨ ਖੁਦ ਮੁੱਖ ਮੰਤਰੀ ਹਨ ਤੇ ਹੁਣ ਪਾਰਟੀ ਛੇ ਹੋਰ ਮੰਤਰੀ ਆਪਣੀ ਕੈਬਨਿਟ ਵਿੱਚ ਸ਼ਾਮਲ ਕਰ ਸਕੇਗੀ।