ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਅੱਜ ਪੰਜਾਬ ਦੇ ਲੋਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕਰਕੇ ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਜਾਅਲੀ ਵਾਟਸਅਪ ਆਈਡੀ ਦੀ ਵਰਤੋਂ ਕਰਕੇ ਵਿੱਤੀ/ਪ੍ਰਸ਼ਾਸਕੀ ਮੰਗ ਕਰਨ ਵਾਲੇ ਸੰਦੇਸ਼ਾਂ ਤੋਂ ਸੁਚੇਤ ਰਹਿਣ ਦਾ ਸੁਝਾਅ ਦਿੱਤਾ ਹੈ। ਸਾਈਬਰ ਕ੍ਰਾਈਮ ਸੈੱਲ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਜੇਕਰ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਤੁਰੰਤ ਟੋਲ ਫਰੀ ਨੰਬਰ ‘1930’ ‘ਤੇ ਸੂਚਨਾ ਦੇਣ।
ਵੇਰਵਿਆਂ ਦਾ ਖੁਲਾਸਾ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਸਟੇਟ ਸਾਈਬਰ ਕ੍ਰਾਈਮ ਆਰ.ਕੇ. ਜੈਸਵਾਲ ਨੇ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਧੋਖਾਧੜੀ ਕਰਨ ਵਾਲਿਆਂ ਨੇ ਵੀਵੀਆਈਪੀ ਦੀ ਪਛਾਣ ਅਪਣਾ ਕੇ ਨਿਰਦੋਸ਼ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ।
ਤੁਰੰਤ ਕਾਰਵਾਈ ਕਰਦਿਆਂ ਪੰਜਾਬ ਸਟੇਟ ਸਾਈਬਰ ਕ੍ਰਾਈਮ ਨੇ ਥਾਣਾ ਸਟੇਟ ਸਾਈਬਰ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ 26 ਅਪ੍ਰੈਲ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 420 ਅਤੇ 511, ਆਈਟੀ ਐਕਟ ਦੀਆਂ ਧਾਰਾਵਾਂ 66ਸੀ ਅਤੇ 66ਡੀ ਅਤੇ 19 ਮਈ, 2022 ਨੂੰ ਆਈਟੀ ਐਕਟ ਦੀ ਧਾਰਾ 66ਸੀ ਦੇ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਆਈਜੀਪੀ ਆਰ.ਕੇ. ਜੈਸਵਾਲ ਨੇ ਲੋਕਾਂ ਨੂੰ ਵਟਸਐਪ/ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਡਿਸਪਲੇ ਤਸਵੀਰ/ਨਾਮ ਦੇ ਆਧਾਰ 'ਤੇ ਪ੍ਰਤੀਕਿਰਿਆ ਕਰਨ, ਸ਼ੱਕੀ ਵੈੱਬਸਾਈਟਾਂ (ਟੋਰੈਂਟ, ਸ਼ਾਰਟ-ਐਂਡ ਯੂਆਰਐਲ ਆਦਿ) ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਧੋਖਾਧੜੀ ਵਾਲੇ/ਜਾਅਲੀ ਸੋਸ਼ਲ ਮੀਡੀਆ ਖਾਤਿਆਂ ਵੱਲੋਂ ਧੋਖੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਗੁਪਤ ਜਾਣਕਾਰੀ ਜਿਵੇਂ ਕਿ ਓਟੀਪੀ, ਬੈਂਕ ਖਾਤੇ, ਕ੍ਰੈਡਿਟ/ਡੈਬਿਟ ਕਾਰਡ ਜਾਂ ਸੋਸ਼ਲ ਸਿਕਿਉਰਿਟੀ ਨੰਬਰ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਹੈ।