ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਆਗੂ ਰਾਹੁਲ ਗਾਂਧੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਸ਼ਰਣ ਕਿਉਂ ਦਿੱਤੀ ਹੋਈ ਹੈ ਅਤੇ ਉਸਨੂੰ ਉੱਤਰ ਪ੍ਰਦੇਸ਼ ਵਿਚ ਅਦਾਲਤੀ ਪੇਸ਼ੀਆਂ ਤੋਂ ਬਚਾਇਆ ਕਿਉਂ ਜਾ ਰਿਹਾ ਹੈ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿਚੋਂ ਫੌਰਨ ਯੂਪੀ ਤਬਦੀਲ ਕੀਤਾ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦੀ ਮਹਿਲਾ ਵਿਧਾਇਕ ਜਿਸਨੇ ਅੰਸਾਰੀ 'ਤੇ ਉਸਦੇ ਪਤੀ ਦਾ ਕਤਲ ਕਰਨ ਦਾ ਦੋਸ਼ ਲਾਇਅ ਸੀ, ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਗਾਂਧੀ ਪਰਿਵਾਰ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਆਨੇ ਬਹਾਨੇ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖ ਸੈਂਕੜੇ ਲੋਕਾਂ ਨੂੰ ਨਿਆਂ ਮਿਲਣ ਦਾ ਰਾਹ ਕਿਉਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੂੰ ਅੰਸਾਰੀ ਨੂੰ ਸੌਂਪਣ ਤੋਂ ਇਹ ਕਹਿ ਕੇ ਇਨਕਾਰ ਕੀਤਾ ਗਿਆ ਕਿ ਅੰਸਾਰੀ ਨੂੰ ਪਿੱਠ ਦੀ ਦਰਦ ਕਾਰਨ ਤਿੰਨ ਮਹੀਨੇ ਬੈਡ ਰੈਸਟ ਦੀ ਲੋੜ ਹੈ।
ਭੂੰਦੜ ਨੇ ਕਿਹਾ ਕਿ ਜਿਸ ਢੰਗ ਨਾਲ ਅੰਸਾਰੀ ਨੂੰ ਰੋਪੜ 'ਚ ਵੀਆਈਪੀ ਸਟਾਈਲ ਰਹਿਣ ਲਈ ਥਾਂ ਦਿੱਤੀ ਗਈ 'ਤੇ ਪਹਿਲਾਂ ਦੋ ਸਾਲ ਤੱਕ ਹੋਰ ਜੇਲ੍ਹਾਂ ਚ ਰੱਖਿਆ ਗਿਆ, ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅੰਸਾਰੀ ਨੂੰ ਸਿਆਸੀ ਵਿਰੋਧੀਆਂ ਖਿਲਾਫ਼ ਵਰਤਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ ਸਰਕਾਰ 'ਤੇ ਗੈਂਗਸਟਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀਆਈਪੀ ਸਹੂਲਤਾਂ ਦੇਣ ਦਾ ਦੋਸ਼ ਲੱਗਿਆ ਹੋਵ। ਗੈਂਗਸਟਰਾਂ ਨੂੰ ਜੇਲ੍ਹਾਂ ਚੋਂ ਆਪਣੇ ਨੈਟਵਰਕ ਚਲਾਉਣ ਦੀ ਆਗਿਆ ਦਿੱਤੀ ਗਈ ਹੈ ਜਿਸ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ।
ਰਾਜ ਸਭਾ ਮੈਂਬਰ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਜੇਲ੍ਹ ਪ੍ਰਸ਼ਾਸਨ ਅੰਸਾਰੀ ਨਾਲ ਰਲਿਆ ਹੋਇਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੰਸਾਰੀ ਪੰਜਾਬ ਨਾ ਛੱਡੇ ਅਤੇ ਉਸਨੂੰ ਉਸਦੇ ਖਿਲਾਫ ਉੱਤਰ ਪ੍ਰਦੇਸ਼ 'ਚ ਦਰਜ ਕੇਸਾਂ ਲਈ ਪੇਸ਼ੀਆਂ ਨਾ ਭੁਗਤਣੀਆਂ ਪੈਣ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਏਡੀਜੀਪੀ ਪੱਧਰ ਦਾ ਅਫ਼ਸਰ ਪ੍ਰਵੀਨ ਕੁਮਾਰ ਸਿਨਹਾ ਇਹ ਆਖ ਰਿਹਾ ਹੈ ਕਿ ਅੰਸਾਰੀ ਨੂੰ ਅਦਾਲਤੀ ਪੇਸ਼ੀਆਂ ਭੁਗਤਣ ਦੀ ਆਗਿਆ ਇਸ ਕਾਰਨ ਨਹੀਂ ਦਿੱਤੀ ਜਾ ਰਹੀ ਕਿਉਂਕਿ ਉਸਦੀ ਪਿੱਠ ਵਿੱਚ ਦਰਦ ਹੈ। ਉਨ੍ਹਾਂ ਕਿਹਾ ਕਿ ਇਸ ਪੱਧਰ 'ਤੇ ਰਲਗੱਡ ਤੇ ਗੈਂਗਸਟਰਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚੋਂ ਬਚਾਉਣ ਲਈ ਤਰਲੋਂ ਮੱਛੀ ਹੋਣਾ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਇਹੀ ਅਫ਼ਸਰ ਪਹਿਲਾਂ ਅੱਤਵਾਦ ਅਤੇ ਗੈਂਗਸਟਰ ਸੱਭਿਆਚਾਰ ਦੇ ਖਿਲਾਫ ਡੱਟ ਕੇ ਲੜਨ ਲਈ ਜਾਣੇ ਜਾਂਦੇ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਪੰਜਾਬ ਦੇ ਲੋਕਾਂ ਨੂੰ ਇਸਦਾ ਜਵਾਬ ਦੇਣ। ਉਹਨਾਂ ਕਿਹਾ ਕਿ ਪੰਜਾਬੀ ਇਹ ਜਾਨਣਾ ਚਾਹੁੰਦੇ ਹਨ ਕਿ ਕਿਉਂ ਉੱਤਰ ਪ੍ਰਦੇਸ਼ ਦਾ ਇਕ ਖੁੰਖਾਰ ਗੈਂਗਸਟਰ ਪਿਛਲੇ ਦੋ ਸਾਲ ਤੋਂ ਪੰਜਾਬ ਦੀ ਜੇਲ੍ਹ ਵਿੱਚ ਵੀਆਈਪੀ ਸਹੂਲਤਾਂ ਹਾਸਲ ਕਰ ਰਿਹਾ ਹੈ ਅਤੇ ਅੰਸਾਰੀ ਵੱਲੋਂ ਪੰਜਾਬ ਵਿੱਚ ਕੀਤੇ ਗਏ ਅਪਰਾਧ ਦੇ ਵੇਰਵੇ ਵੀ ਜਨਤਕ ਕੀਤੇ ਜਾਣੇ ਚਾਹੀਦੇ ਹਨ, ਜਿਸ ਲਈ ਉਹ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੀਆਂ ਜੇਲ੍ਹਾਂ ਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਇਹ ਵੀ ਦੱਸੇ ਕਿ ਉਹ ਉੱਤਰ ਪ੍ਰਦੇਸ਼ ਦੇ ਇੱਕ ਖੁੰਖਾਰ ਗੈਂਗਸਟਰ ਨੂੰ ਸ਼ਰਣ ਕਿਉਂ ਦੇ ਰਹੀ ਹੈ ਅਤੇ ਉਸਦੀਆਂ ਉੱਤਰ ਪ੍ਰਦੇਸ਼ ਵਿੱਚ ਅਦਾਲਤੀ ਪੇਸ਼ੀਆਂ ਰੋਕ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਕ ਹੱਥ ਦੇ ਅਤੇ ਦੂਜੇ ਹੱਥ ਲੈ ਵਰਗਾ ਮਾਮਲਾ ਹੈ ਜਿਸਦਾ ਪੰਜਾਬ ਦੀ ਸ਼ਾਂਤੀ 'ਤੇ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਅੰਸਾਰੀ ਨੂੰ ਤੁਰੰਤ ਉੱਤਰ ਪ੍ਰਦੇਸ਼ ਭੇਜਿਆ ਜਾਵੇ।