ਚੰਡੀਗੜ੍ਹ: ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਹੋਏ ਘੋਟਾਲੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਬਲਵਿੰਦਰ ਸਿੰਘ ਬੈਂਸ ਅਤੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਬੈਂਸ ਨੇ ਸਿਰਫ ਇੰਨਾ ਹੀ ਦੱਸਿਆ ਕਿ 34 ਪੇਜਾਂ ਦੀ ਰਿਪੋਰਟ ਇੱਕ ਆਈਏਐਸ ਅਫ਼ਸਰ ਵੱਲੋਂ ਦਿੱਤੀ ਗਈ ਹੈ, ਉਹ ਪੇਸ਼ ਕਰਾਂਗੇ। ਵਿਧਾਨ ਸਭਾ ਇਜਲਾਸ 'ਚ ਹਿੱਸਾ ਲੈਣ ਤੋਂ ਪਹਿਲਾਂ ਸਿਮਰਜੀਤ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਸ਼ਰਾਬ ਮਾਫ਼ੀਆ, ਮਾਈਨਿੰਗ ਮਾਫ਼ੀਆ, ਬੀਜ ਘੋਟਾਲਾ ਤੇ ਤਮਾਮ ਘੋਟਾਲੇ ਹੋਏ ਹਨ।
ਦਲਿਤ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਖਾ ਗਿਆ ਮੰਤਰੀ: ਬੈਂਸ ਇਹ ਸਾਰੇ ਮਹਿਕਮੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹਨ। ਇਨ੍ਹਾਂ ਮਾਮਲਿਆਂ 'ਤੇ ਸਿਰਫ਼ ਸਿੱਟ ਬਣਾ ਕੇ ਜਾਂਚ ਦੇ ਨਾਂਅ 'ਤੇ ਲੰਮਾ ਸਮਾਂ ਕੱਢ ਦਿੱਤਾ ਜਾਂਦਾ ਹੈ ਤੇ ਸਿੱਟ ਦਾ ਕੋਈ ਵੀ ਨਤੀਜਾ ਨਹੀਂ ਆਉਂਦਾ।
ਇੱਥੇ ਤੁਹਾਨੂੰ ਦੱਸ ਦਈਏ, ਪੰਜਾਬ ਵਿਧਾਨ ਸਭਾ ਦਾ ਸ਼ੁੱਕਰਵਾਰ ਨੂੰ ਇੱਕ ਦਿਨ ਲਈ ਇਜਲਾਸ ਸੱਦਿਆ ਗਿਆ ਸੀ, ਜਿਸ ਤੋਂ ਬਾਅਦ ਇਸ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਤੇ ਅੱਜ ਭਾਵ ਕਿ ਸ਼ੁੱਕਰਵਾਰ ਨੂੰ ਸਿਰਫ਼ ਉਹ ਵਿਧਾਇਕ ਹੀ ਸੈਸ਼ਨ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਉੱਥੇ ਹੀ ਵੱਖ-ਵੱਖ ਪਾਰਟੀ ਦੇ ਵਿਧਾਇਕਾਂ ਨੇ ਤਮਾਮ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।