ਚੰਡੀਗੜ੍ਹ:ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਰਾਜ ਸਭਾ ਚੋਣਾਂ ਦੇ ਉਮੀਦਵਾਰ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵੱਲੋਂ ਅੱਜ ਰਾਜ ਸਭਾ ਮੈਂਬਰ ਵਜੋ ਸਹੁੰ ਚੁੱਕੀ। ਪੰਜਾਬ ਦੇ ਹਵਾ, ਪਾਣੀ ਤੇ ਮਿੱਟੀ ਨਾਲ ਜੁੜੇ ਮੁੱਦਿਆ ਨੂੰ ਪ੍ਰਮੁੱਖਤਾ ਨਾਲ ਉਠਾਵਾਂਗੇ। ਅਕਾਲ ਪੁਰਖ ਵਾਹਿਗੁਰੂ ਤੇ ਸੰਗਤਾਂ ਵੱਲੋਂ ਲਾਈ ਇਸ ਡਿਊਟੀ ਨੂੰ ਪੂਰੀ ਸੰਜਮਤਾ ਤੇ ਜਿੰਮਵਾਰੀ ਨਾਲ ਨਿਭਾਵਾਂਗੇ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਵਾਤਾਵਰਣ ਪ੍ਰੇਮੀ ਸਤਿਕਾਰਯੋਗ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਪੰਜਾਬ ਤਰਫੋਂ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ‘ਤੇ ਬਹੁਤ-ਬਹੁਤ ਵਧਾਈਆਂ। ਯਕੀਨਨ ਮੈਂ ਇਹ ਕਹਿ ਸਕਦਾ ਹਾਂ ਕਿ ਸੰਤ ਜੀ ਵਾਤਾਵਰਣ ਸਮੇਤ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਪੰਜਾਬ-ਪੰਜਾਬੀਆਂ ਦੀ ਆਵਾਜ਼ ਬਣਨਗੇ।
ਆਖਿਰ ਕੌਣ ਨੇ ਸੰਤ ਬਲਬੀਰ ਸਿੰਘ ਸੀਚੇਵਾਲ:ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਿਸ਼ਵ ਭਰ ਵਿੱਚ ਇੱਕ ਮਹਾਨ ਵਾਤਾਵਰਣ ਪ੍ਰੇਮੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 2 ਫਰਵਰੀ 1962 ਨੂੰ ਹੋਇਆ ਸੀ। ਵਾਤਾਵਰਨ ਪ੍ਰਤੀ ਉਨ੍ਹਾਂ ਦੇ ਪਿਆਰ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਖੁਦ ਕਾਲੀ ਬੇਈ ਦੀ 110 ਕਿਲੋਮੀਟਰ ਦੀ ਸਫ਼ਾਈ ਕਰਕੇ ਦੁਨੀਆ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਵਾਤਾਵਰਨ ਪ੍ਰਤੀ ਪਿਆਰ ਕਾਰਨ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ।