ਚੰਡੀਗੜ੍ਹ : ਬੀਜ ਘੁਟਾਲਾ ਨੂੰ ਲੈ ਕੇ ਸੂਬੇ ਦੀ ਸਿਆਸਤ ਵਿੱਚ ਹਰ ਦਿਨ ਕੋਈ ਨਾ ਕੋਈ ਨਵਾਂ ਧਮਾਕਾ ਵੇਖਣ ਨੂੰ ਮਿਲ ਰਿਹਾ ਹੈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਚੰਡੀਗੜ੍ਹ ਵਿੱਚ ਇਸ ਘੁਟਾਲੇ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਬੈਂਸ ਨੇ ਇਸ ਬੀਜ ਘੁਟਾਲੇ ਦੇ ਸਿੱਧੇ ਤਾਰ ਅਕਾਲੀ ਦਲ ਨਾਲ ਜੋੜੇ ਹਨ।
ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਇਸ ਸਾਰੇ ਘੁਟਾਲੇ ਨੂੰ ਦਬਾਉਣ ਵਿੱਚ ਲੱਗੇ ਹੋਏ ਹਨ। ਬੈਂਸ ਨੇ ਆਖਿਆ ਕਿ ਇਸ ਸਾਰੇ ਮਾਮਲੇ ਨੂੰ ਬਿਕਰਮ ਮਜੀਠਆ ਬਨਾਮ ਸੁਖਜਿੰਦਰ ਸਿੰਘ ਰੰਧਾਵਾ (ਸੁੱਖੀ ਰੰਧਾਵਾ) ਬਣਾ ਕੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੈਂਸ ਨੇ ਪੀਏਯੂ ਦੀ ਖੇਤੀਬਾੜੀ ਅਤੇ ਬੀਜ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੇ ਬਾਦਲ ਪਰਿਵਾਰ ਦੇ ਕਰੀਬੀ ਦੱਸਿਆ ਹੈ। ਬੈਂਸ ਨੇ ਕੁਲਵਿੰਦਰ ਸਿੰਘ ਦੇ ਇਸ ਘੁਟਾਲੇ ਵਿੱਚ ਸਿੱਧਾ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਪੀਏਯੂ ਨੇ ਨੁਮਾਇਸ਼ ਲਈ ਝੋਨੇ ਦੀਆਂ ਨਵੀਆਂ ਕਿਸਮਾਂ ਦਿੱਤੀਆਂ ਹਨ ਜੋ ਕਿ ਬਾਅਦ ਵਿੱਚ ਕਿਸਾਨਾਂ ਨੂੰ ਦਿੱਤਾ ਜਾਣਾ ਸੀ ਪਰ ਬੀਜ ਕਿਸਾਨਾਂ ਤੱਕ ਪਹੁੰਚਣ ਦੀ ਬਜਾਏ ਕਰਨਾਲ ਐਗਰੋ ਨਾਲ ਦੀ ਕੰਪਨੀ ਵਿੱਚ ਗਿਆ ਹੈ। ਉਨ੍ਹਾਂ ਕਿਹਾ ਕਰਨਾਲ ਐਗਰੋ ਨੇ 50 ਲੱਖ ਰੁਪਏ ਕੁਲਵਿੰਦਰ ਸਿੰਘ ਦੇ ਪਿਤਾ ਦੇ ਖਾਤੇ ਵਿੱਚ ਆਇਆ ਹੈ। ਬੈਂਸ ਨੇ ਇਸ ਬਾਰੇ ਕਈ ਸਬੂਤ ਵੀ ਮੀਡੀਆ ਸਾਹਮਣੇ ਰੱਖੇ।
ਇੱਥੇ ਬੈਂਸ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ ਕਿਉਂਕਿ ਕੈਪਟਨ ਅਤੇ ਬਾਦਲ ਪਰਿਵਾਰ ਇੱਕ-ਮਿੱਕ ਹਨ। ਉਨ੍ਹਾਂ ਕਿਹਾ ਇਸ ਵਾਸਤੇ ਉਹ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਵੇਗੀ।