ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਲਿਖੀ 'ਤਾਅਨੇ ਮਾਰਕਾ ਚਿੱਠੀ' ਦੀ ਸਖ਼ਤ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (Aam Aadmi Party) ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ, 'ਬਾਦਲਾਂ ਦਾ ਦਿਲ ਅੱਜ ਵੀ ਭਾਜਪਾ ਵਿੱਚ ਧੜਕਦਾ ਹੈ ਕਿਉਂਕਿ ਚਿੱਠੀ ਦਾ ਹਰ ਸ਼ਬਦ ਅਤੇ ਹਰ ਅਰਥ ਕਿਸਾਨਾਂ ਦੀ ਥਾਂ ਨਰਿੰਦਰ ਮੋਦੀ ਸਰਕਾਰ ਦੀ ਪੈਰਵੀਂ ਕਰਦਾ ਹੈ।'
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਜਿਹੜੀ ਚਿੱਠੀ ਬਾਦਲ ਪਰਿਵਾਰ ਨੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਭੇਜੀ ਹੈ, ਉਸ 'ਚ ਕਿਤੇ ਵੀ ਖੇਤੀ ਕਾਨੂੰਨਾਂ (Agricultural laws) ਨੂੰ ਕਾਲੇ ਕਾਨੂੰਨ ਨਹੀਂ ਕਿਹਾ ਗਿਆ, ਸਗੋਂ ਝੂਠ -ਤੁਫ਼ਾਨ ਅਤੇ ਪੰਜਾਬ ਦੇ ਮੌਜ਼ੂਦਾ ਹਲਾਤ ਲਈ ਕਿਸਾਨਾਂ ਨੂੰ ਹੀ ਤਾਅਨੇ- ਮਿਹਣੇ ਹੀ ਮਾਰੇ ਗਏ ਹਨ।
ਚੀਮਾ ਨੇ ਕਿਹਾ ਕਿ ਕੋਰਾ ਝੂਠ ਮਾਰਦਿਆਂ ਚਿੱਠੀ 'ਚ ਇਹ ਦਾਅਵਾ ਕਿਸੇ ਦੇ ਵੀ ਗਲੇ ਨਹੀਂ ਉਤਰ ਰਿਹਾ ਕਿ ਬਾਦਲ ਪਰਿਵਾਰ ਅਤੇ ਪਾਰਟੀ ਨੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ 'ਤੇ ਕਈ ਵਾਰ ਦਬਾਅ ਬਣਾਇਆ ਹੈ। ਉਨਾਂ ਮੁਤਾਬਕ ਆਰਡੀਨੈਂਸ 'ਤੇ ਹਰਸਿਮਰਤ ਕੌਰ ਬਾਦਲ ਦੇ ਦਸਤਖ਼ਤ, ਸਰਬ ਪਾਰਟੀ ਬੈਠਕ 'ਚ ਸੁਖਬੀਰ ਬਾਦਲ ਦੀ ਵਕਾਲਤ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਗੁਣਗਾਣ ਵੀਡੀਓ ਕਿਸੇ ਨੂੰ ਭੁੱਲ ਨਹੀਂ ਸਕਦੇ। ਇਸ ਲਈ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (Harsimrat Kaur Badal) ਅਤੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਖ਼ੁਦ ਦੇਣ ਨਾ ਕਿ ਪ੍ਰੋ. ਚੰਦੂਮਾਜਰਾ ਸਮੇਤ 3 ਹੋਰ ਆਗੂਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇ।
ਕਿਸਾਨਾਂ 'ਤੇ ਦੋਸ਼ ਲਾਉਂਦੀਆਂ ਸਤਰਾਂ ਬਾਰੇ ਚੀਮਾ ਨੇ ਦੱਸਿਆ ਕਿ ਬਾਦਲਾਂ ਨੇ ਚਿੱਠੀ 'ਚ ਲਿਖਿਆ ਹੈ, ''ਪਹਿਲਾਂ ਲੋਕਲ ਬਾਡੀਜ਼ ਦੀਆਂ ਚੋਣਾ ਸਮੇਂ ਅਸੀਂ (ਬਾਦਲ) ਆਸ ਕਰਦੇ ਸੀ ਕਿ ਆਪ (ਕਿਸਾਨ) ਪੰਜਾਬ ਸਰਕਾਰ ਨੂੰ ਚੋਣ ਅਖਾੜੇ ਵਿੱਚ ਜਾਣ ਤੋਂ ਰੋਕਣ ਦੀ ਅਪੀਲ ਕਰੋਗੇ, ਪ੍ਰੰਤੂ ਨਹੀਂ ਕੀਤੀ। ਇਹ ਤੁਹਾਡੀ ਨੀਤੀ ਦਾ ਹਿੱਸਾ ਹੋਵੇਗਾ।''
ਚੀਮਾ ਨੇ ਕਿਹਾ ਕਿ ਚਿੱਠੀ ਵਿੱਚ ਕਿਤੇ ਵੀ ਸਰਲ ਅਤੇ ਸਪੱਸ਼ਟ ਸ਼ਬਦਾਂ 'ਚ ਇਹ ਨਹੀਂ ਲਿਖਿਆ ਕਿ ਅਕਾਲੀ ਦਲ ਬਾਦਲ ਖੇਤੀ ਬਾਰੇ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰਦਾ ਹੈ ਅਤੇ ਇਹ ਕਾਨੂੰਨ ਦੇਸ਼ ਦੇ ਖੇਤੀ ਖੇਤਰ ਅਤੇ ਅੰਨਦਾਤਾ ਦੀ ਹੋਂਦ ਲਈ ਖ਼ਤਰਾ ਹਨ। ਉਲਟਾ ਬੀਬਾ ਹਰਸਿਮਰਤ ਕੌਰ ਬਾਦਲ ਦੇ ਉਨਾਂ ਲ਼ਫ਼ਜ਼ਾਂ, 'ਉਹ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ 'ਚ ਅਸਫ਼ਲ ਰਹੇ ਹਨ' ਨੂੰ ਹੀ ਗੋਲਮੋਲ ਸ਼ਬਦਾਵਲੀ ਰਾਹੀਂ ਦੁਹਰਾਇਆ ਗਿਆ ਹੈ।