ਚੰਡੀਗੜ੍ਹ: ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੁਖਬੀਰ ਬਾਦਲ ਨੂੰ ਚੁਣੋਤੀ ਦਿੰਦੇ ਕਿਹਾ ਕਿ ਬੇਅਦਬੀ ਮਾਮਲੇ ’ਚ ਉਹ ਜਦੋਂ ਮਰਜ਼ੀ ਜਿਥੇ ਮਰਜੀ ਖੁੱਲ੍ਹੀ ਬਹਿਸ ਕਰ ਸਕਦੇ ਹਨ। ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਣੀ ਸੀ ਤੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ 2 ਸਿੱਖ ਮਾਰੇ ਨਹੀਂ ਜਾਣੇ ਸਨ ਜੇਕਰ ਉਸ ਵੇਲੇ ਦੀ ਸੱਤਾਧਾਰੀ ਬਾਦਲ ਜੋੜੀ ਚੰਦ ਵੋਟਾਂ ਦੀ ਖਾਤਿਰ ਡੇਰਾ ਸੱਚਾ ਸੋਦਾ ਦੇ ਮੁੱਖੀ ਨਾਲ ਗੁਪਤ ਸਮਝੋਤਾ ਨਾ ਕਰਦੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਦੇ।
ਇਹ ਵੀ ਪੜੋ: ਆਸਾਰਾਮ ਨੂੰ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ
‘ਡੇਰਾ ਮੁਖੀ ਨੇ ਬੀਜੇ ਨਫ਼ਰਤ ਦੇ ਬੀਜ’
ਖਹਿਰਾ ਨੇ ਕਿਹਾ ਕਿ ਨਫ਼ਰਤ ਦੇ ਬੀਜ ਪਹਿਲਾਂ ਡੇਰਾ ਰਾਮ ਰਹੀਮ ਵੱਲੋਂ 11 ਮਈ 2007 ਨੂੰ ਬੀਜੇ ਗਏ ਸਨ ਜਦ ਉਸ ਨੇ ਬਠਿੰਡਾ ਦੇ ਸਲਾਬਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਾਕੇ ਆਪਣੇ ਸ਼ਰਧਾਲੂਆਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਖਹਿਰਾ ਨੇ ਕਿਹਾ ਕਿ ਸਿੱਖ ਮਾਪਿਆਂ ਘਰ ਜੰਮੇ ਡੇਰਾ ਮੁੱਖੀ ਨੂੰ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਉਸ ਦਾ ਇਹ ਬੇਅਦਬੀ ਭਰਿਆ ਕਾਰਾ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਏਗਾ, ਪਰ ਫਿਰ ਵੀ ਉਸ ਨੇ ਇਹ ਜ਼ੁਰਮ ਕੀਤਾ। ਖਹਿਰਾ ਨੇ ਦੱਸਿਆ ਕਿ ਸਿੱਖਾਂ ਅਤੇ ਡੇਰਾ ਸ਼ਰਧਾਲੂਆਂ ਵਿਚਾਲੇ ਸਲਾਬਤਪੁਰਾ ਵਿਖੇ ਖੂਨੀ ਵਿਵਾਦ ਹੋਇਆ ਜਿਸ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਅਤੇ 50 ਗੰਭੀਰ ਜਖਮੀ ਹੋਏ ਸਨ। ਖਹਿਰਾ ਨੇ ਕਿਹਾ ਕਿ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਫੈਲੀ ਨਫਰਤ ਦਾ ਇਹ ਮੁੱਢਲਾ ਕਾਰਨ ਸੀ, ਜੇਕਰ ਬਾਦਲਾਂ ਨੇ ਇਸ ਬੇਅਦਬੀ ਕਾਰੇ ਲਈ ਡੇਰਾ ਮੁੱਖੀ ਖ਼ਿਲਾਫ਼ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਭਾਵਨਾਵਾਂ ਸ਼ਾਂਤ ਹੋ ਜਾਣੀਆਂ ਸਨ। ਪਰੰਤੂ ਡੇਰਾ ਮੁੱਖੀ ਨੂੰ ਖੁਸ਼ ਕਰਨ ਵਾਸਤੇ ਮਾਮੂਲੀ 295-ਏ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ।
‘ਬਾਦਲਾਂ ਤੇ ਪ੍ਰੇਮੀ ਦਾ ਹੋਇਆ ਸੀ ਗੁਪਤ ਸਮਝੌਤਾ’
ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਫਿਰ ਭੱਦੀ ਅਤੇ ਕੋਝੀ ਭੂਮਿਕਾ ਅਦਾ ਕਰਦੇ ਹੋਏ ਜਨਵਰੀ 2012 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਉਕਤ ਬੇਅਦਬੀ ਮੁੱਕਦਮੇ ਦੀ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ। ਖਹਿਰਾ ਨੇ ਕਿਹਾ ਕਿ ਬਾਦਲਾਂ ਦਾ ਇਹ ਸਿੱਖ ਵਿਰੋਧੀ ਕਦਮ ਅਗਾਮੀ ਚੋਣਾਂ ਵਿੱਚ ਡੇਰਾ ਮੁਖੀ ਵੱਲੋਂ ਉਹਨਾਂ ਦੀ ਹਮਾਇਤ ਕੀਤੇ ਜਾਣ ਸਬੰਧੀ ਹੋਏ ਗੁਪਤ ਸਮਝੌਤੇ ਦਾ ਨਤੀਜਾ ਸੀ ਤੇ ਜਿਵੇਂ ਕਿ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਸਰਕਾਰ ਖ਼ਿਲਾਫ਼ ਭਾਰੀ ਵਿਰੋਧ ਦੇ ਬਾਵਜੂਦ ਬਾਦਲ ਡੇਰਾ ਪ੍ਰੇਮੀਆਂ ਦੀ ਹਮਾਇਤ ਨਾਲ ਮਾਲਵਾ ਖੇਤਰ ਜਿੱਤਣ ਵਿੱਚ ਸਫਲ ਰਹੇ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸੂਬੇ ਵਿੱਚ ਚੋਣ ਕਮੀਸ਼ਨ ਦਾ ਰਾਜ ਹੋਣ ਦੇ ਕੀਤੇ ਜਾ ਰਹੇ ਬੋਗਸ ਬਚਾਅ ਦੀ ਵੀ ਹਵਾ ਨਿਕਲ ਗਈ ਹੈ ਕਿਉਂਕਿ ਜਨਵਰੀ 2012 ਵਿੱਚ ਉਕਤ ਐਫ.ਆਈ.ਆਰ ਦੀ ਪੁਲਿਸ ਵੱਲੋਂ ਕੈਸਲੇਂਸ਼ਨ ਰਿਪੋਰਟ ਫਾਈਲ ਕੀਤੇ ਜਾਣ ਦੀ ਸ਼ੁਰੂਆਤ ਘੱਟੋ ਘੱਟ 2-3 ਮਹੀਨੇ ਪਹਿਲਾਂ ਹੋਈ ਹੋਵੇਗੀ ਜਦ ਉਹ ਸੂਬੇ ਦਾ ਗ੍ਰਹਿ ਮੰਤਰੀ ਸੀ ਇਸ ਲਈ ਉਹ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦਾ।
ਅਕਾਲ ਤਖਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਮਾਫੀ
ਖਹਿਰਾ ਨੇ ਕਿਹਾ ਕਿ ਇਸ ਨਫਰਤ ਅਤੇ ਬੇਅਦਬੀਆਂ ਦਾ ਇੱਕ ਹੋਰ ਮੁੱਖ ਕਾਰਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਵਿਵਾਦਿਤ ਫਿਲਮ ਐਮ.ਐਸ.ਜੀ (MSG) ਰਿਲੀਜ ਕਰਵਾਉਣ ਦਾ ਰਾਹ ਪੱਧਰਾ ਕਰਨ ਵਾਸਤੇ 24 ਸਿਤੰਬਰ 2015 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 2007 ਵਿੱਚ ਡੇਰਾ ਮੁੱਖੀ ਨੂੰ ਸਜ਼ਾ ਦੇਣ ਵਾਲਾ ਹੁਕਮਨਾਮਾ ਸਾਜਿਸ਼ ਤੌਰ ਉੱਪਰ ਵਾਪਿਸ ਲਿਆ ਜਾਣਾ ਸੀ। ਖਹਿਰਾ ਨੇ ਦੱਸਿਆ ਕਿ ਬਾਦਲਾਂ ਅਤੇ ਡੇਰਾ ਮੁੱਖੀ ਦਰਮਿਆਨ ਹੋਏ ਸਮਝੋਤੇ ਤਹਿਤ ਉਕਤ ਐਮ.ਐਸ.ਜੀ(MSG) ਫਿਲਮ ਅਗਲੇ ਦਿਨ ਹੀ 25 ਸਿਤੰਬਰ ਨੂੰ ਪੰਜਾਬ ਭਰ ਵਿੱਚ ਰਿਲੀਜ ਹੋ ਗਈ।