ਚੰਡੀਗੜ੍ਹ: ਮਹਾਨ ਯੋਧੇ, ਜਰਨੈਲ, ਕਿਸਾਨੀ ਦੇ ਮੁਕਤੀ ਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ 350 ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਦੱਸ ਦਈਏ, ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 1670 ਈਸਵੀ ਵਿਚ ਰਾਜੌਰੀ (ਪੁਣਛ) ਵਿਖੇ ਸ਼੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਘਰ ਹੋਇਆ। ਉਨ੍ਹਾਂ ਦਾ ਨਾਂ ਲਛਮਣ ਦਾਸ ਰੱਖਿਆ ਗਿਆ। ਉਨ੍ਹਾਂ ਨੇ ਜਾਨਕੀ ਪ੍ਰਸਾਦ ਵੈਰਾਗੀ ਸਾਧੂ ਪਾਸੋਂ ਰਾਜੌਰੀ ਵਿਖੇ ਉਪਦੇਸ਼ ਲਿਆ। ਫਿਰ ਸਾਧੂ ਰਾਮਦਾਸ ਪਾਸੋਂ ਰਾਮਧੰਮਣ, ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ਔਘੜ ਨਾਥ ਪਾਸੋਂ ਨਾਸਿਕ ਵਿਖੇ ਉਪਦੇਸ਼ ਲਿਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਦ ਨਾਂਦੇੜ ਪੁੱਜੇ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ।
ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ, ਰਹਿਤ 'ਚ ਪੱਕੇ ਰਹਿਣ ਤੇ ਔਕੜ ਵੇਲੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਹਦਾਇਤ ਕੀਤੀ। ਸਿੰਘ ਸਾਜਣ ਤੋਂ ਬਾਅਦ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ।
ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਏ ਜਾਣ ਤੇ ਗੁਰੂ ਘਰ ਦੇ ਹੋਰ ਦੋਖੀਆਂ ਨੂੰ ਕੀਤੇ ਦੀ ਸਜ਼ਾ ਦੇਣ ਲਈ 26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉੱਤੇ ਧਾਵਾ ਬੋਲਿਆ, ਜਿਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲਬੇਗ਼ ਤੇ ਬਾਸ਼ਲਬੇਗ਼ ਰਹਿੰਦੇ ਸਨ।