ਚੰਡੀਗੜ੍ਹ: ਇਸ ਸਮੇਂ ਪੰਜਾਬ ਵਿੱਚ ਜਿੱਥੇ ਵਿਰੋਧੀ ਪਾਰਟੀਆਂ ਲੋਕਾਂ ਵਿੱਚ ਆਪਣੀ ਹਮਦਰਦੀ ਪ੍ਰਾਪਤ ਕਰਨ ਲਈ ਬਿਜਲੀ ਦੇ ਮੁੱਦੇ 'ਤੇ ਸਰਕਾਰ ਦਾ ਘਿਰਾਓ ਕਰਦੀਆਂ ਨਜ਼ਰ ਆ ਰਹੀਆਂ ਹਨ, ਅਜਿਹੇ ਵਿੱਚ ਕਿਸਾਨ ਅੰਦੋਲਨ ਕਾਰਨ ਹਾਸ਼ੀਏ ’ਤੇ ਪਹੁੰਚੀ ਭਾਜਪਾ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਕਿ ਲੋਕਾਂ ਦਾ ਵਿਸ਼ਵਾਸ਼ ਕਿਸ ਤਰ੍ਹਾਂ ਜਿੱਤਿਆ ਜਾਵੇ।
ਇਹ ਵੀ ਪੜੋ: ਪੰਜਾਬ ਪੁਲਿਸ ਨੇ 17 ਕਿਲੋ ਹੈਰੋਇਨ ਸਮੇਤ 4 ਅਫ਼ਗਾਨੀ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ
ਭਾਜਪਾ ਕਿਵੇਂ ਜਿੱਤੇਗੀ ਲੋਕਾਂ ਦਾ ਵਿਸ਼ਵਾਸ਼ ?
ਦੂਸਰੇ ਸੂਬਿਆਂ ਵਿੱਚ ਹੋਈਆਂ ਚੋਣਾਂ ਵਾਂਗ ਕਿਸਾਨ ਜੱਥੇਬੰਦੀਆ ਨੇ ਪੰਜਾਬ ਵਿੱਚ ਵੀ ਚੋਣਾਂ ਦੌਰਾਨ ਭਾਜਪਾ ਖ਼ਿਲਾਫ਼ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਐਲਾਨ ਕੀਤਾ ਹੈ, ਅਜਿਹੀ ਸਥਿਤੀ ਵਿੱਚ ਭਾਜਪਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਚੁੱਕਿਆ ਗਿਆ ਹੈ, ਇਸ ਲਈ ਵੱਡਾ ਸਵਾਲ ਇਹ ਉੱਠਦਾ ਹੈ ਕੀ ਭਾਜਪਾ ਅਜਿਹੇ ਮੁੱਦਿਆਂ 'ਤੇ ਪੰਜਾਬ ਵਿੱਚ ਸੱਤਾ ਹਾਸਲ ਕਰ ਸਕੇਗੀ ?
ਭਾਜਪਾ ਆਗੂ ਕੇਂਦਰ ਨੂੰ ਦੇ ਰਹੇ ਹਨ ਵਿਸ਼ਵਾਸ਼
ਪਿਛਲੇ ਦਿਨੀਂ ਪੰਜਾਬ ਚੋਣਾਂ ਵਿੱਚ ਭਾਜਪਾ ਦੇ ਰੁਤਬੇ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਕਾਫ਼ੀ ਮੀਟਿੰਗਾਂ ਕੀਤੀਆਂ ਗਈਆਂ, ਹਾਲਾਂਕਿ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸਮੇਤ ਵੱਡੇ ਆਗੂ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੀ ਪੰਜਾਬ ਵਿੱਚ ਸਥਿਤੀ ਮਜ਼ਬੂਤ ਹੈ, ਪਰ ਰਾਜਨੀਤਿਕ ਮਾਹਰ ਮੰਨਦੇ ਹਨ ਕਿ ਭਾਜਪਾ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਕਿਸਾਨੀ ਵਿਰੋਧ ਪ੍ਰਦਰਸ਼ਨਾਂ ਕਾਰਨ ਪੰਜਾਬ ਵਿੱਚ ਮੌਜੂਦਾ ਸਥਿਤੀ ਵਿੱਚ ਭਵਿੱਖ ਵਿੱਚ ਕੋਈ ਵੱਡਾ ਸੁਧਾਰ ਦੇਖਣ ਨੂੰ ਨਹੀਂ ਮਿਲੇਗਾ, ਇਸ ਲਈ ਹੁਣ ਇਨ੍ਹਾਂ ਹਾਲਤਾਂ ਨਾਲ ਹੱਥ ਮਿਲਾ ਕੇ ਚੋਣਾਂ ਦੀ ਤਿਆਰੀ ਸ਼ੁਰੂ ਕਰਨੀ ਪਏਗੀ।
ਨਸ਼ੇ ਨੂੰ ਲੈ ਭਾਜਪਾ ਵੱਲੋਂ ਸਿਆਸਤ
ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਾਣਾ ਭਾਨੂ ਪ੍ਰਤਾਪ ਸਮੇਤ ਭਾਜਪਾ ਵਰਕਰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ ਤਾਂ ਇਸ ਦੌਰਾਨ ਭਾਜਪਾ ਨੇ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਮਸਲੇ ਹਨ ਜਿਨ੍ਹਾਂ ਬਾਰੇ ਸਰਕਾਰ ਨੇ ਕੰਮ ਨਹੀਂ ਕੀਤਾ, ਪਰ ਉਨ੍ਹਾਂ ਦਾ ਸਭ ਤੋਂ ਅਹਿਮ ਮੁੱਦਾ ਇਹ ਰਿਹਾ ਕਿ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ। ਇਥੇ ਇਹ ਵੀ ਦੱਸ ਦੇਈਏ ਕਿ ਨਸ਼ਿਆਂ ਦਾ ਮੁੱਦਾ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਠਿਆ ਸੀ ਅਤੇ ਉਸ ਸਮੇਂ ਦੌਰਾਨ ਪੰਜਾਬ ਨੂੰ ਨਸ਼ਿਆਂ ਦੇ ਨਾਮ 'ਤੇ ਬਹੁਤ ਬਦਨਾਮੀ ਝੱਲਣੀ ਪਈ।