ਚੰਡੀਗੜ੍ਹ: ਠੰਡ ਵਧਣ ਦੇ ਨਾਲ ਹੀ ਪੰਜਾਬ ਦਾ ਸਿਆਸੀ ਪਾਰਾ ਵੀ ਵਧਦਾ ਜਾ ਰਿਹਾ ਹੈ। ਸੱਤਾ ਹਾਸਿਲ ਕਰਨ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਤਾਕਤ ਨਾਲ ਚੋਣ ਮੈਦਾਨ ਵਿੱਚ ਕੁੱਦ ਪਈਆਂ ਹਨ। ਇਸ ਦੇ ਚੱਲਦੇ ਹੀ ਸਾਰੀਆਂ ਆਗੂਆਂ ਨੇ ਲੋਕਾਂ ਵਿੱਚ ਜਾ ਕੇ ਦਾਅਵਿਆਂ ਅਤੇ ਵਾਅਦਿਆਂ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਇਸ ਦੌੜ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ, ਕੀ ਕਾਂਗਰਸ ਅਤੇ ਕੀ ਆਮ ਆਦਮੀ ਪਾਰਟੀ ਸਭ ਨੇ ਆਪਣਾ ਚੋਣ ਪਿਟਾਰਾ ਖੋਲ੍ਹ ਦਿੱਤਾ ਹੈ। ਇਸ ਦੌੜ ਵਿੱਚ ਜੇਕਰ ਸਭ ਤੋਂ ਵੱਧ ਚਰਚਾ ਹੁੰਦੀ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਦੀ।
ਸਵਾਲ -ਆਮ ਆਦਮੀ ਪਾਰਟੀ ਇਸ ਵਾਰ ਵਿਧਾਨ ਸਭਾ ਚੋਣਾਂ (Assembly elections) ਵਿੱਚ ਪੰਜਾਬ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੀ ਹੈ? ਉਹ ਇੰਨ੍ਹਾਂ ਮੁੱਦਿਆਂ ਦੀ ਮਦਦ ਨਾਲ ਆਪਣੇ ਵਿਰੋਧੀਆਂ ਨੂੰ ਕਿਸ ਤਰੀਕੇ ਨਾਲ ਨਿਸ਼ਾਨਾ ਬਣਾ ਰਹੇ ਹਨ ?
ਜਵਾਬ - ਹਰਪਾਲ ਚੀਮਾ ਨੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਫੀਆ ਰਾਜ ਦੀ ਸ਼ੁਰੂਆਤ ਅਕਾਲੀ ਦਲ-ਭਾਜਪਾ ਨੇ ਕੀਤੀ ਸੀ ਜਿਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਸੂਬੇ 'ਚ ਮਾਫੀਆ ਰਾਜ ਖਤਮ ਕਰਨਗੇ ਪਰ ਉਹ ਸਾਢੇ 4 ਸਾਲਾਂ ਵਿੱਚ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਮਾਫੀਆ ਰਾਜ ਚਲਾਉਂਦੇ ਰਹੇ ਤੇ ਹੁਣ ਚਰਨਜੀਤ ਸਿੰਘ ਚੰਨੀ ਵੀ ਉਹੀ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਇੰਨ੍ਹਾਂ ਸਾਰੇ ਲੋਕਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ 1987 ਤੱਕ ਦਾ ਬਜਟ ਸਰ ਪਲੱਸ ਸੀ। ਉਨ੍ਹਾਂ ਦੱਸਿਆ ਕਿ 1987 ਤੋਂ 1992 ਤੱਕ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ। ਕਰੀਬ 9000 ਕਰੋੜ ਦਾ ਕਰਜ਼ਾ ਸੀ ਅਤੇ ਉਸ ਵਿੱਚੋਂ 6000 ਕਰੋੜ ਦਾ ਕਰਜ਼ਾ ਕੇਂਦਰ ਸਰਕਾਰ ਨੇ ਮੁਆਫ਼ ਕਰ ਦਿੱਤਾ ਹੈ। ਫਿਰ ਕਰਜ਼ਾ ਘਟ ਕੇ 3000 ਕਰੋੜ ਹੋ ਗਿਆ। ਹਰਪਾਲ ਚੀਮਾ ਨੇ ਕਿਹਾ ਕਿ ਇਹ ਕਰਜ਼ਾ ਵਧ ਕੇ 3.25 ਲੱਖ ਕਰੋੜ ਹੋ ਗਿਆ ਹੈ। 1992 ਤੋਂ 1997 ਤੱਕ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਸੀ ਜਦੋਂ ਕਿ 1997 ਤੋਂ 2002 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਰਹੀ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ 2002 ਤੋਂ 2007 ਤੱਕ ਇਹੀ ਕਾਂਗਰਸ ਸਰਕਾਰ ਰਹੀ। ਇਹੀ ਹਾਲ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਰਿਹਾ ਜਦੋਂ ਕਿ 2017 ਤੋਂ 2022 ਤੱਕ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ। ਹਰਪਾਲ ਚੀਮਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ 'ਤੇ ਕਰਜ਼ਾ ਵਧਦਾ ਜਾ ਰਿਹਾ ਹੈ ਤੇ ਪੰਜਾਬ ਦਾ ਖਜ਼ਾਨਾ ਖਾਲੀ ਹੈ। ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਸੂਬੇ ਦੀ ਸਭ ਤੋਂ ਬੇਕਾਰ ਸਰਕਾਰ ਰਹੀ ਹੈ। ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ। ਚੀਮਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਅੰਦਰ ਹੀ ਟਕਰਾਅ ਚੱਲ ਰਿਹਾ ਹੈ। ਉੁਨ੍ਹਾਂ ਕਿਹਾ ਕਿ ਸੀਐਮ ਚੰਨੀ ਦੀ ਜਾਖੜ ਨਾਲ ਨਹੀਂ ਬਣਦੀ, ਜਾਖੜ ਦੀ ਨਵਜੋਤ ਸਿੱਧੂ ਨਾਲ ਨਹੀਂ ਬਣਦੀ, ਸਿੱਧੂ ਦੀ ਮਨਪ੍ਰੀਤ ਬਾਦਲ ਨਾਲ ਨਹੀਂ ਬਣਦੀ। ਉਨ੍ਹਾਂ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਇਹ ਪਾਰਟੀ ਲੋਕਾਂ ਦਾ ਵਿਕਾਸ ਕਿਵੇਂ ਕਰੇਗੀ ਜੋ ਆਪਸ ਵਿੱਚ ਕੁਰਸੀ ਲਈ ਲੜ ਰਹੇ ਹਨ।
ਸਵਾਲ-ਤੁਹਾਡੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਕਿ ਉਹ ਬਾਹਰੋਂ ਹਨ। ਜਦੋਂ ਉਹ ਇੱਥੇ ਆਉਂਦੇ ਹਨ, ਤਾਂ ਉਹ ਸਿਰਫ਼ ਵਾਅਦਿਆਂ ਦੀ ਝੜੀ ਲਾ ਦਿੰਦੇ ਹਨ। ਪੰਜਾਬ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਅਤੇ ਅਜਿਹੀ ਸਥਿਤੀ ਵਿੱਚ ਵਾਅਦੇ 'ਤੇ ਵਾਅਦੇ ਕੀਤੇ ਜਾ ਰਹੇ ਹਨ?
ਜਵਾਬ - ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਕਾਂਗਰਸ ਨੂੰ ਡਰ ਲੱਗਦਾ ਹੈ। ਫਿਰ ਭਾਜਪਾ ਅਤੇ ਅਕਾਲੀ ਦਲ ਮਹਿਸੂਸ ਕਰਦੇ ਹਨ। ਕਿਉਂਕਿ ਇਨ੍ਹਾਂ ਸਭ ਨੇ ਪੰਜਾਬ ਨੂੰ ਲੁੱਟ ਦਾ ਅੱਡਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਪੰਜਾਬ ਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ ਜੇਕਰ ਕੋਈ 5 ਸਾਲ ਲੁੱਟਦਾ ਹੈ ਤਾਂ ਦੂਜਾ 5 ਸਾਲ ਲੁੱਟਦਾ ਹੈ। ਇਹ ਸਭ ਇਸ ਗੱਲ ਤੋਂ ਡਰ ਰਹੇ ਹਨ ਕਿ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣਗੇ। ਇਸੇ ਡਰ ਕਾਰਨ ਇਹ ਸਾਰੇ ਅਜਿਹੇ ਕੰਮ ਕਰ ਰਹੇ ਹਨ। ਹਰਪਾਲ ਚੀਮਾ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਦੇ ਕਿਹਾ ਕਿ ਉਹ ਇੱਕ ਅਜਿਹਾ ਆਗੂ ਹੈ ਜੋ ਆਪਣੇ ਕੀਤੇ ਵਾਅਦਿਆਂ ਨੂੰ 100 ਫੀਸਦੀ ਪੂਰਾ ਕਰਦਾ ਹੈ। ਉਨ੍ਹਾਂ ਨੇ ਦਿੱਲੀ ਵਿੱਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਤੇ ਇਸ ਵਾਰ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਨੂੰ ਧੂੜ ਚਟਾਵੇਗੀ। ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਹੁਣ ਇਨ੍ਹਾਂ ਸਾਰਿਆਂ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਉਨ੍ਹਾਂ ਕਿਹਾ ਕਿ ਆਪ ਪੰਜਾਬ ਵਿੱਚ ਵਧੀਆ ਸ਼ਾਸਨ ਲਿਆਏਗੀ।
ਸਵਾਲ - ਤੁਹਾਡੀ ਪਾਰਟੀ ਦੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 20 ਵਿਧਾਇਕ ਜਿੱਤ ਕੇ ਆਏ ਸਨ। ਜਿੰਨ੍ਹਾਂ ਵਿਚੋਂ ਬਹੁਤੇ ਤੁਹਾਡੀ ਪਾਰਟੀ ਛੱਡ ਚੁੱਕੇ ਹਨ। ਅਜਿਹੇ 'ਚ 'ਆਪ' ਪਾਰਟੀ ਪੰਜਾਬ 'ਚ ਕਿਸ ਮਨੋਬਲ ਨਾਲ ਚੋਣ ਮੈਦਾਨ 'ਚ ਉਤਰੇਗੀ?
ਜਵਾਬ - ਇਸ ਸਵਾਲ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਦੋਂ ਵੀ ਪੰਜਾਬ ਆਉਂਦੇ ਹਨ, ਚਾਹੇ ਉਹ ਤਿਰੰਗਾ ਯਾਤਰਾ ਕਰ ਰਹੇ ਹੋਣ ਅਤੇ ਜਦੋਂ ਵੀ ਉਹ ਆਉਂਦੇ ਹਨ, ਲੱਖਾਂ ਲੋਕ ਉਨ੍ਹਾਂ ਨੂੰ ਸੁਣਨ ਲਈ ਇਕੱਠੇ ਹੁੰਦੇ ਹਨ। ਲੋਕ ਉਸ ਦਾ ਨਿੱਘਾ ਸਵਾਗਤ ਕਰਦੇ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ।
ਸਵਾਲ -ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਜਰੀਵਾਲ ਦੇ ਰੰਗ ਬਾਰੇ ਕੀਤੀ ਗਈ ਟਿੱਪਣੀ ਅਤੇ ਪੰਜਾਬ ਵਿੱਚ ਜਿਸ ਤਰ੍ਹਾਂ ਦੀ ਸ਼ਬਦੀ ਜੰਗ ਚੱਲ ਰਹੀ ਹੈ, ਉਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਕੰਮ ਕਰਨ ਦੀ ਬਜਾਏ ਅਰਵਿੰਦ ਕੇਜਰੀਵਾਲ 'ਤੇ ਟਿੱਪਣੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਜਿਹੀ ਭਾਸ਼ਾ ਮੁੱਖ ਮੰਤਰੀ ਦੇ ਅਨੁਕੂਲ ਨਹੀਂ ਹੈ ਕਿਉਂਕਿ ਇੱਕ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ 'ਤੇ ਅਜਿਹੀ ਟਿੱਪਣੀ ਕਰਨਾ ਸੋਭਦਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ ਅਤੇ ਪੰਜਾਬ ਦੇ ਲੋਕ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਹ ਸਾਰੀਆਂ ਟਿੱਪਣੀਆਂ ਚਾਹੇ ਚੰਨੀ ਜੀ, ਸੁਖਬੀਰ ਬਾਦਲ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਹਨ, ਇਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਹੂੰਝਾ ਫੇਰੂ ਝਾੜੂ ਚੱਲੇਗਾ।