ਚੰਡੀਗੜ੍ਹ:ਭਾਰਤੀ ਜਨਤਾ ਪਾਰਟੀ (Bharatiya Janata Party), ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਦੇ ਗ੍ਰਹਿ ਖੇਤਰ ਮਾਲਵਾ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨਾਲ ਨੁਕਸਾਨੀ ਗਈ ਨਰਮੇ ਦੀ ਫਸਲ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਫਟਕਾਰ ਲਾਉਂਦਿਆਂ ਕਿਹਾ ਕਿ ਖੁਦ ਨੂੰ ਕਿਸਾਨਾਂ ਦਾ ਸਭ ਤੋਂ ਵੱਡੀ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਮੁੜ ਸਭ ਦੇ ਸਾਹਮਣੇ ਆ ਗਿਆ ਹੈ।
'ਲਖੀਮਪੁਰ ਖੀਰੀ ਮਸਲੇ ਨੂੰ ਸਿਆਸੀ ਰੂਪ ਦਿੱਤਾ ਜਾ ਰਿਹਾ'
ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੇ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ, ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਹੋਰ ਵਿਰੋਧੀ ਪਾਰਟੀਆਂ ਆਪਣੇ ਸਵਾਰਥੀ ਰਾਜਨੀਤਿਕ ਹਿੱਤਾਂ ਲਈ, ਲਖੀਮਪੁਰ ਖੀਰੀ ਵਿੱਚ ਡੇਰੇ ਲਾ ਕੇ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਗਲੇ ਲਾ ਕੇ ਤਸਵੀਰਾਂ ਖਿੱਚਵਾ ਕੇ ਸਭ ਦੇ ਸਾਹਮਣੇ ਉਨ੍ਹਾਂ ਦੇ ਸਭ ਤੋਂ ਵੱਡੇ ਹਿਤੈਸ਼ੀ ਹੋਣ ਦਾ ਵਿਖਾਵਾ ਕਰਕੇ ਇਸ ਮਾਮਲੇ ਨੂੰ ਸਿਆਸੀ ਰੂਪ ਦਿੱਤਾ ਜਾ ਰਿਹਾ ਹੈ।
ਲਖੀਮਪੁਰ ਪਹੁੰਚੇ ਕਿਸਾਨ ਆਗੂਆਂ 'ਤੇ ਚੁੱਕੇ ਸਵਾਲ
ਸ਼ਰਮਾ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਕੌਮੀ ਪ੍ਰਧਾਨ ਲਖੀਮਪੁਰ ਪਹੁੰਚ ਚੁੱਕੇ ਹਨ, ਤਾਂ ਉੱਥੇ ਕਾਂਗਰਸ ਦੇ ਪੰਜਾਬ ਪ੍ਰਧਾਨ ਜਾਂ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਕੰਮ ਹੈ ? ਕੀ ਇਹ ਲੋਕ ਆਪਣੇ-ਆਪ ਨੂੰ ਉਹਨਾਂ ਤੋਂ ਉੱਪਰ ਸਮਝਦੇ ਹਨ ਜਾਂ ਸੋਨੀਆ ਗਾਂਧੀ ਨੂੰ ਕੀ ਸਾਬਿਤ ਕਰਨਾ ਚਾਹੁੰਦੇ ਹਨ ? ਸ਼ਰਮਾ ਨੇ ਕਿਹਾ ਕਿ ਸਿੱਧੂ ਮ੍ਰਿਤਕਾਂ ਨਾਲ ਹਮਦਰਦੀ ਕਰਨ ਲਈ ਨਹੀਂ, ਬਲਕਿ ਮ੍ਰਿਤਕਾਂ ਦਾ ਮਜ਼ਾਕ ਉਡਾਉਣ ਅਤੇ ਆਪਣੀ ਰਾਜਨੀਤੀ ਚਮਕਾਉਣ ਲਈ ਲਖੀਮਪੁਰ ਗਏ ਹਨ। ਸ਼ਰਮਾ ਨੇ ਯੂ.ਪੀ. ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਲਖੀਮਪੁਰ ਕਾਂਡ ਦੇ ਦੋਸ਼ੀਆਂ ਖਿਲਾਫ ਜਾਂਚ ਕਰਵਾ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਐਲਾਨ ਨੂੰ ਲੈਕੇ ਚੁੱਕੇ ਸਵਾਲ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਯੂ.ਪੀ. ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 45 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ, ਤਦ ਪੰਜਾਬ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ ਆਪੋ-ਆਪਣੇ ਪੱਧਰ 'ਤੇ ਵੱਖਰੇ ਤੌਰ' ਤੇ 50 ਲੱਖ ਰੁਪਏ (ਭਾਵ ਕੁੱਲ 1 ਕਰੋੜ ਰੁਪਏ) ਦਾ ਐਲਾਨ ਕੀਤਾ। ਜਦੋਂ ਕਿ ਇਨ੍ਹਾਂ ਸਾਰਿਆਂ ਨੂੰ ਪੰਜਾਬ ਵਿੱਚ ਨਰਮੇ ਦੀ ਫਸਲਾਂ ਦੇ ਬਰਬਾਦ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨਜ਼ਰ ਨਹੀਂ ਆਉਂਦੀਆਂ ? ਇਸ ਤੋਂ ਇਹ ਸਪਸ਼ਟ ਹੈ ਕਿ ਕਾਂਗਰਸ ਹਾਈ ਕਮਾਂਡ, ਮੁੱਖ ਮੰਤਰੀ ਚੰਨੀ, ਸਿੱਧੂ ਅਤੇ ਹੋਰ ਵਿਰੋਧੀ ਆਗੂਆਂ ਦਾ ਪੰਜਾਬ ਦੇ ਕਿਸਾਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
MSP ਨੂੰ ਲੈਕੇ ਘੇਰੀ ਸੂਬਾ ਸਰਕਾਰ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਭਾਜਪਾ ਸਰਕਾਰ ਵਲੋਂ 11 ਫਸਲਾਂ 'ਤੇ MSP (ਘੱਟੋ-ਘੱਟ ਸਮਰਥਨ ਮੁੱਲ) ਦਿੱਤਾ ਜਾ ਰਿਹਾ ਹੈ ਅਤੇ ਇਸ ‘ਤੋਂ ਇਲਾਵਾ ਕਿਸਾਨਾਂ ਨੂੰ ਬਹੁਤ ਕੁਝ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਦੀ ਕਾਂਗਰਸ ਸਰਕਾਰ ਕਿਸੇ ਵੀ ਫਸਲ ਤੇ MSP ਮੁੱਲ ਨਹੀਂ ਦੇ ਰਹੀ, ਕਿਉਂ ? ਕਣਕ, ਝੋਨਾ ਜਾਂ ਕਪਾਹ 'ਤੇ ਦਿੱਤਾ ਜਾ ਰਿਹਾ ਐਮਐਸਪੀ ਵੀ ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ, ਇਸ ਵਿੱਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।