ਚੰਡੀਗੜ੍ਹ: ਨਸ਼ੇ ਦੀ ਓਵਰਡੋਜ਼(Drug overdose) ਨਾਲ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਬੇਹੱਦ ਗੰਭੀਰ ਹਾਲਾਤ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਇਕ ਮੀਤ ਹੇਅਰ(Meet Hair) ਨੇ ਕਿਹਾ ਕਿ ਸੂਬੇ ਅੰਦਰ ‘ਡਰੱਗ ਮਾਫੀਆ’ ਦਾ ਕਹਿਰ ਜਿਉਂ ਦਾ ਤਿਉਂ ਹੈ। ਨਸ਼ੇ ਦੀ ਮਾੜੀ ਲੱਤ ਕਾਰਨ ਮਾਵਾਂ- ਭੈਣਾਂ ਨੂੰ ਵਿਲਕਦੀਆਂ ਛੱਡ ਘਰਾਂ ਦੇ ਚਿਰਾਗ ਬੁਝ ਰਹੇ ਹਨ, ਪਰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ।
ਜਿਸ ਤੋਂ ਸਾਬਤ ਹੁੰਦਾ ਹੈ ਕਿ ਪਿਛਲੀ ਬਾਦਲ ਸਰਕਾਰ ਵਾਂਗ ਮੌਜ਼ੂਦਾ ਕਾਂਗਰਸੀ ਵੀ ਡਰੱਗ ਮਾਫੀਆ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨ ਗੱਭਰੂ ਇਹਨਾਂ ਦੇ ਏਜੰਡੇ ’ਤੇ ਨਹੀਂ ਹਨ। ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਅਤੇ ਅਖ਼ਬਾਰੀ ਸੁਰਖ਼ੀਆਂ ’ਤੇ ਕਾਂਗਰਸੀਆਂ ਦੀ ਚੁੱਪ ਹੀ ਸੱਤਾਧਾਰੀਆਂ ਨੂੰ ਦੋਸ਼ੀ ਸਾਬਤ ਕਰ ਰਹੀ ਹੈ।
ਮੀਤ ਹੇਅਰ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ(Finance Minister Manpreet Singh Badal) ਸਮੇਤ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਕੋਲੋਂ ਜਵਾਬ ਮੰਗਿਆਂ ਕਿ ਪਿਛਲੇ 15-20 ਦਿਨਾਂ ਤੋਂ ਬਠਿੰਡਾ ਦੇ ਇਲਾਕੇ ’ਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ’ਤੇ ਉਹਨਾਂ ਦੀ ਜ਼ੁਬਾਨ ਅਜੇ ਤੱਕ ਕਿਉਂ ਨਹੀਂ ਖੁੱਲ੍ਹੀ? ਇਸੇ ਤਰ੍ਹਾਂ ਬਠਿੰਡਾ ਤੋਂ ਚਾਰ ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਸਿੰਥੈਟਿਕ ਨਸ਼ੇ ਦੀ ਰਾਜਧਾਨੀ ਬਣਦੇ ਜਾ ਰਹੇ ਬਠਿੰਡੇ ਬਾਰੇ ਇੱਕ ਵੀ ਸ਼ਬਦ ਨਹੀਂ ਬੋਲ ਰਹੇ।