ਚੰਡੀਗੜ੍ਹ:ਪੰਜਾਬ ’ਚ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਚੋਣਾਂ ਨੂੰ ਸਿਰਫ 4 ਦਿਨ ਹੀ ਰਹਿ ਗਏ ਹਨ। ਸਿਆਸੀ ਪਾਰਟੀਆਂ ਵੱਲੋਂ ਜ਼ੋਰਾ ਸ਼ੋਰਾਂ ਦੇ ਨਾਲ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ।
ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਵਪਾਰੀ ਵਰਗ ਡਰਿਆ ਹੋਇਆ ਹੈ ਅਤੇ ਹੁਣ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ, ਪੰਜਾਬ ਚ ਆਪ ਆਉਣ ਤੋਂ ਬਾਅਦ ਵਪਾਰੀ ਵਰਗ ਬੇਖੌਫ ਹੋ ਕੇ ਵਪਾਰ ਕਰ ਸਕਣਗੇ ਅਤੇ ਪੰਜਾਬ ਚੋਂ ਪਰਚਾ ਰਾਜ ਬੰਦ ਹੋਵੇਗਾ।
ਪੰਜਾਬ ਸਰਕਾਰ ’ਤੇ ਸਾਧੇ ਨਿਸ਼ਾਨੇ
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਵਿੱਚ ਉਦਯੋਗ ਪੰਜਾਬ ਦੇ ਵਿੱਚ ਇਸ ਕਰਕੇ ਘੱਟਿਆ ਹੈ ਕਿਉਂਕਿ ਸਰਕਾਰ ਐਨਓਸੀ ਲੈਣ ਸਮੇਂ ਵਪਾਰੀਆਂ ਨੂੰ ਤੰਗ ਕਰਦੀ ਹੈ। ਵਪਾਰੀਆਂ ਨੂੰ ਅਫ਼ਸਰਾਂ ਦੇ ਕੋਲ ਜਾ ਕੇ ਕਈ ਚੱਕਰ ਲਗਾਉਣੇ ਪੈਂਦੇ ਹਨ ਜਿਸ ਕਰਕੇ ਉਹ ਸੋਚਦੇ ਹਨ ਕਿ ਅਸੀਂ ਇੱਥੋਂ ਕਿਸੇ ਹੋਰ ਥਾਂ ’ਤੇ ਹੀ ਵਪਾਰ ਕਰ ਲੈਂਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਤੋਂ ਵਪਾਰ ਜਾ ਰਿਹਾ ਹੈ।
'ਵਪਾਰੀ ਕੰਮ ਕਰਨ ਦਾ ਮਾਹੌਲ ਚਾਹੁੰਦਾ ਹੈ'
ਭਗਵੰਤ ਮਾਨ ਨੇ ਕਿਹਾ ਕਿ ਵਪਾਰੀ ਸਰਕਾਰ ਤੋਂ ਖੁਸ਼ ਨਹੀਂ ਹਨ, ਉਹ ਸਿਰਫ ਅਜਿਹਾ ਮਾਹੌਲ ਚਾਹੁੰਦੇ ਹਨ ਜਿੱਥੇ ਉਹ ਕੰਮ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਨਾਲ ਜਦੋ ਉਨ੍ਹਾਂ ਦੀ ਗੱਲਬਾਤ ਹੋਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪੰਜਾਬ ਵਿੱਚ ਹੀ ਕਰਨਾ ਚਾਹੁੰਦੇ ਹਨ ਜੇਕਰ ਉਹ ਕੋਈ ਵਪਾਰ ਕਰਨ ਤਾਂ ਉੱਥੇ ਕੋਈ ਸਪੈਕਟਰ ਨਾ ਆਵੇ ਕੋਈ ਪੁਲਿਸ ਉਨ੍ਹਾਂ ਨੂੰ ਤੰਗ ਨਾ ਕਰੇ।
'ਪੰਜਾਬ ਦੇ ਵਪਾਰੀਆਂ ਨੂੰ ਲਿਆਇਆ ਜਾਵੇਗਾ ਵਾਪਸ'
ਇਸ ਦੌਰਾਨ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜਿਹੜੇ ਵਪਾਰੀ ਪੰਜਾਬ ਛੱਡ ਕੇ ਬਾਹਰ ਚਲੇ ਗਏ ਹਨ ਉਨ੍ਹਾਂ ਨੂੰ ਵੀ ਵਾਪਸ ਬੁਲਾਇਆ ਜਾਵੇਗਾ। ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ, ਕਿਉਂਕਿ ਵਪਾਰੀ ਆਵੇਗਾ ਤਾਂ ਰੁਜ਼ਗਾਰ ਵੀ ਆਵੇਗਾ।
ਆਪ ਨੇ ਘੇਰੀ ਪੰਜਾਬ ਸਰਕਾਰ
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ111 ਦਿਨਾਂ ਦੀ ਪੰਜਾਬ ਸਰਕਾਰ ਵਿੱਚ ਤਿੰਨ ਡੀਜੀਪੀ ਬਦਲ ਦਿੱਤੇ ਅਤੇ ਇਹ ਸਰਕਾਰ ਕੋਈ ਇਮਾਨਦਾਰ ਐਡਵੋਕੇਟ ਜਨਰਲ ਨਹੀਂ ਲਗਾ ਸਕੀ। ਅਜਿਹੀ ਕਾਨੂੰਨ ਵਿਵਸਥਾ ਪੰਜਾਬ ਨੂੰ ਕਿਵੇਂ ਸੰਭਾਲੇਗੀ।
'ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਵਰਲਡ ਆਈਕਨ ਸਿਟੀ'
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਮੇਸ਼ਾ ਤੋਂ ਮੰਗ ਉੱਠੀ ਹੈ ਕਿ ਅੰਮ੍ਰਿਤਸਰ ਨੂੰ ਵਰਲਡ ਆਈਕਨ ਸਿਟੀ ਬਣਾਇਆ ਜਾਵੇ। ਇਸ ਨੂੰ ਲੈ ਕੇ ਕਾਫੀ ਵਿਚਾਰ ਚਰਚਾ ਕੀਤੀ ਗਈ ਹੈ, ਅੰਮ੍ਰਿਤਸਰ ਦੇ ਸਿਟਿੰਗ ਮੇਅਰ ਕਰਮਜੀਤ ਸਿੰਘ ਰਿੰਟੂ , ਜੋ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਵੀ ਇਸ ਨੂੰ ਲੈ ਕੇ ਕਾਫ਼ੀ ਕੰਮ ਕੀਤਾ ਹੈ ਤੇ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਅੰਮ੍ਰਿਤਸਰ ਨੂੰ ਵਰਲਡ ਆਈਕਨ ਸਿਟੀ ਬਣਾਇਆ ਜਾਵੇਗਾ।
'ਪੰਜਾਬ ਵਿੱਚ ਚੱਲ ਰਿਹਾ ਹੈ ਪਰਚਾ ਰਾਜ'
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕੀਂ ਵਪਾਰ ਕਰਨਾ ਚਾਹੁੰਦੇ ਹਨ ਪਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਤੋਂ ਵਪਾਰੀਆਂ ਨੂੰ ਡਰਾ ਰੱਖਿਆ ਹੈ। ਇੱਥੇ ਪ੍ਰਚਾਰ ਚਲਦਾ ਹੈ ਝੂਠੇ ਪਰਚੇ ਵਪਾਰੀਆਂ ’ਤੇ ਕੀਤੇ ਜਾਂਦੇ ਹਨ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣਗੇ। ਇਸ ਤੋਂ ਇਲਾਵਾ ਗੁੰਡਾ ਟੈਕਸ ਅਤੇ ਹੋਰ ਕਈ ਨਾਵਾਂ ਤੋਂ ਟੈਕਸ ਵਪਾਰੀਆਂ ’ਤੇ ਫਿਰੌਤੀ ਦੇ ਨਾਂ ’ਤੇ ਦਿੱਤੇ ਜਾਂਦੇ ਹਨ। ਇਹ ਸਾਰੀ ਚੀਜ਼ਾਂ ਵੀ ਬੰਦ ਕੀਤੀ ਜਾਵੇਗੀ ਤੇ ਇਕ ਵਧੀਆ ਮਾਹੌਲ ਵਪਾਰੀਆਂ ਨੂੰ ਦਿੱਤਾ ਜਾਵੇਗਾ।
'51,000 ਵੋਟਾਂ ਤੋਂ ਭਦੌੜ ਤੋਂ ਹਾਰ ਰਹੇ ਸੀਐਮ ਚੰਨੀ'
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਉਹ ਧੁਰੀ ਦੇ ਵਿੱਚ ਸੀ ਤੇ ਉੱਥੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ 51 ਹਜ਼ਾਰ ਵੋਟਾਂ ਨਾਲ ਜਿੱਤਾ ਰਹੇ ਹਨ ਤੇ ਭਦੌੜ ਦੇ ਲੋਕ ਸੀਐਮ ਚੰਨੀ ਨੂੰ 51 ਹਜ਼ਾਰ ਵੋਟਾਂ ਤੋਂ ਹਰਾ ਰਹੇ ਹਨ।
'ਭਈਆ' ਸ਼ਬਦ ਬੋਲਣ ’ਤੇ ਜਤਾਇਆ ਇਤਰਾਜ਼
ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਈ ਕਾਂਗਰਸੀ ਲੀਡਰ ਵਾਰ-ਵਾਰ ਇਹ ਆਪਣੇ ਬਿਆਨਾਂ ਵਿੱਚ ਕਹਿੰਦੇ ਕਿ ਭਈਆ ਨੂੰ ਪੰਜਾਬ ਵਿੱਚ ਬੋਲਣ ਦਾ ਕੋਈ ਹੱਕ ਨਹੀਂ ਹੈ ਜਿਸ ’ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਅਜਿਹੀ ਬਿਆਨਬਾਜ਼ੀ ਕਰਨ ਵੇਲੇ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਦੇਸ਼ ਇਕ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਵੀ ਕਾਲਾ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੈਨੂੰ ਕੱਪੜੇ ਪਾਉਣ ਦਾ ਢੰਗ ਨਹੀਂ ਹੈ, ਪਰ ਇਸ ਬਿਆਨ ਦੀ ਨਿੰਦਾ ਕਰਦਿਆਂ ਉੱਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਤਾਂ ਆਪ ਖ਼ੁਦ ਯੂਪੀ ਤੋਂ ਆਏ ਤੇ ਇਸ ਬਾਰੇ ਕੀ ਕਹਿਣਗੇ ਹੁਣ ਕਾਂਗਰਸੀ।
ਇਹ ਵੀ ਪੜੋ:ਪਠਾਨਕੋਟ ਰੈਲੀ: ਪੀਐੱਮ ਮੋਦੀ ਨੇ ਲੋਕਾਂ ਤੋਂ ਮੰਗੇ 5 ਸਾਲ, ਵਿਰੋਧੀਆਂ ਨੂੰ ਘੇਰਿਆ