ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦੇ ਹਰ ਕੋਈ ਇਸ ਸਮੇਂ ਤਣਾਅ ਅਤੇ ਮੈਂਟਲ ਹੈਲਥ ਦੀ ਸਮੱਸਿਆਵਾ ਦੇ ਨਾਲ ਜੂਝ ਰਹੇ ਹਨ। ਅਜਿਹੇ ’ਚ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਚ ਵਿਅਸਤ ਰੱਖਣਾ ਅਤੇ ਦੂਜਿਆ ਨੂੰ ਕੋਵਿਡ ਪ੍ਰੋਟੋਕੋਲ ’ਤੇ ਵੈਕਸੀਨੇਸ਼ਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਲੋਕੀ ਵੱਖ ਵੱਖ ਤਰੀਕੇ ਅਪਣਾ ਰਹੇ ਹਨ। ਇਸੇ ਸੋਚ ਦੇ ਨਾਲ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ ਅਧਿਆਪਕ ਅਤੇ ਕਲਾਕਾਰ ਸੀਤਾ ਨੇ ਆਪਣੇ ਬਗੀਚੇ ਨੂੰ ਨਵਾਂ ਰੂਪ ਦੇ ਦਿੱਤਾ ਹੈ। ਸੀਤਾ ਬਗੀਚੇ ’ਚ ਆਪਣੀ ਪੈਟਿੰਗ ਰਾਹੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਕਲਾਕਾਰੀ ਨਾਲ ਬਗੀਚੇ ਨੂੰ ਦਿੱਤਾ ਨਵਾਂ ਰੂਪ
ਦੱਸ ਦਈਏ ਕਿ ਸੀਤਾ ਨੇ ਆਪਣੇ ਬਗੀਚੇ ’ਚ ਰੱਖਿਆ ਹੋਇਆ ਸਾਰਾ ਸਾਮਾਨ ਵੇਸਟ ਮਟੀਰੀਅਲ ਨਾਲ ਤਿਆਰ ਕੀਤਾ ਹੈ। ਇਸ ਸਬੰਧ ਚ ਸੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਘਰ ਚ ਪਿਆ ਸਾਰਾ ਵੇਸਟ ਸਾਮਾਨ ਬਗੀਚੇ ਨੂੰ ਨਵਾਂ ਰੂਪ ਦੇਣ ਲਈ ਇਸਤੇਮਾਲ ਕਰ ਲਿਆ ਹੈ। ਉਨ੍ਹਾਂ ਨੇ ਕਦੇ ਵੀ ਵੇਸਟ ਨੂੰ ਸੁੱਟਿਆ ਨਹੀਂ ਸਗੋਂ ਉਸ ਚ ਪਲਾਂਟ ਲਗਾ ਕੇ ਜਾਂ ਫਿਰ ਉਸਨੂੰ ਦੂਜਾ ਰੂਪ ਦੇ ਕੇ ਉਸਦੀ ਮੁੜ ਵਰਤੋਂ ਕੀਤੀ ਹੈ। ਘਰ ਚ ਬੱਚਿਆ ਦੇ ਜੁੱਤੇ, ਪਲਾਸਟਿਕ ਦੇ ਭਾਂਡੇ ਤੋਂ ਲੈ ਕੇ ਬੱਚਿਆ ਦੇ ਖਿਡੌਣਿਆਂ ਦਾ ਵੀ ਬਗੀਚੇ ’ਚ ਇਸਤੇਮਾਲ ਕੀਤਾ ਗਿਆ ਹੈ।