ਚੰਡੀਗੜ੍ਹ:ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ: ਐਸ ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 28.62 ਕਰੋੜ ਰੁਪਏ ਦੀ 47.13 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ, ਇਨਫੋਰਸਮੈਂਟ ਵਿੰਗਾਂ ਨੇ 319.30 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 28.62 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।
ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਰਾਜ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ਵਿਖੇ ਮੈਸਰਜ਼ ਚੋਜਰ ਵਾਈਨ ਦੇ ਸ਼ਰਾਬ ਦੇ ਠੇਕਿਆਂ ਤੋਂ ਫੋਸਟਰ, ਹੈਨੀਕੇਨ, ਮਿਲਰ ਸਮੇਤ ਵੱਖ-ਵੱਖ ਬਰਾਂਡਾਂ ਦੀਆਂ ਪੁੱਗ ਚੁੱਕੀ ਮਿਆਦ ਵਾਲੀ ਬੀਅਰ ਦੀਆਂ 2871 ਪੇਟੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੁੱਗ ਚੁੱਕੀ ਮਿਆਦ ਵਾਲੀ ਬੀਅਰ ਦੇ ਸਟਾਕ ਨੂੰ ਤੁਰੰਤ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਸ਼ਰਾਬ ਵਿਕਰੇਤਾ ਵਿਰੁੱਧ ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਡਾ: ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ (code of conduct)ਲਾਗੂ ਹੋਣ ਤੋਂ ਬਾਅਦ ਆਬਕਾਰੀ ਵਿਭਾਗ ਨੇ 9 ਫਰਵਰੀ, 2022 ਤੱਕ 1,01,388 ਲੀਟਰ ਸ਼ਰਾਬ, 28,04,889 ਕਿਲੋ ਲਾਹਣ ਸਮੇਤ ਵੱਡੀ ਮਾਤਰਾ ਵਿੱਚ ਜ਼ਬਤੀਆਂ ਕੀਤੀਆਂ ਹਨ, ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ 928 ਮਾਮਲੇ ਦਰਜ ਕੀਤੇ ਹਨ।