ਪੰਜਾਬ

punjab

By

Published : Jun 5, 2022, 1:44 PM IST

Updated : Jun 5, 2022, 2:53 PM IST

ETV Bharat / city

ਸੰਦੀਪ ਨੰਗਲ ਅੰਬੀਆ ਕਤਲ ਮਾਮਲੇ 'ਚ ਗ੍ਰਿਫ਼ਤਾਰੀਆਂ, ਪੁਲਿਸ ਵਲੋਂ ਮਾਮਲਾ ਹੱਲ ਕਰਨ ਦਾ ਦਾਅਵਾ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ 'ਚ ਪੁਲਿਸ ਨੇ ਪੰਜ ਹੋਰ ਵਿਅਕਤੀਆਂ ਸਮੇਤ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਫੌਜੀ ਸਮੇਤ ਵਿਕਾਸ ਮਾਹਲੇ ਵਾਸੀ ਗੁੜਗਾਓ, ਸਚਿਨ ਧੁਲਿਆ ਵਾਸੀ ਅਲਵਰ, ਰਾਜਸਥਾਨ, ਮਨਜੋਤ ਕੋਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ, ਯੂ.ਪੀ. ਵਜੋਂ ਹੋਈ ਹੈ।

ਸੰਦੀਪ ਨੰਗਲ ਅੰਬੀਆ
ਸੰਦੀਪ ਨੰਗਲ ਅੰਬੀਆ

ਜਲੰਧਰ:ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ 'ਚ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਇਸ ਸਬੰਧੀ ਜਲੰਧਰ ਦੇ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿਚ ਪੰਜ ਹੋਰ ਵਿਅਕਤੀਆਂ ਸਮੇਤ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੰਜ ਗ੍ਰਿਫ਼ਤਾਰੀਆਂ 'ਚ ਮਹਿਲਾ ਵੀ ਸ਼ਾਮਲ: ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਫੌਜੀ ਸਮੇਤ ਵਿਕਾਸ ਮਾਹਲੇ ਵਾਸੀ ਗੁੜਗਾਓ, ਸਚਿਨ ਧੁਲਿਆ ਵਾਸੀ ਅਲਵਰ, ਰਾਜਸਥਾਨ, ਮਨਜੋਤ ਕੋਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ, ਯੂ.ਪੀ. ਵਜੋਂ ਹੋਈ ਹੈ।

ਹਥਿਆਰ ਅਤੇ ਵਾਹਨ ਬਰਾਮਦ: ਪੁਲਿਸ ਵਲੋਂ ਕਾਰਵਾਈ ਕਰਦਿਆਂ ਇਹਨਾਂ ਕੋਲੋਂ ਸੱਤ ਪਿਸਟਲ ਜਿਨ੍ਹਾਂ 'ਚ 5 ਵਿਦੇਸ਼ੀ ਪਿਸਟਲ ਸ਼ਾਮਲ ਹਨ ਅਤੇ ਨਾਲ ਹੀ 3 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਜਿਨ੍ਹਾਂ 'ਚ ਮਹਿੰਦਰਾ ਐਕਸ.ਯੂ.ਵੀ., ਟੋਇਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ।

ਕਬੱਡੀ ਖਿਡਾਰੀ ਦਾ ਹੋਇਆ ਸੀ ਕਤਲ: ਜ਼ਿਕਰਯੋਗ ਹੈ ਕਿ 14 ਮਾਰਚ ਨੂੰ ਸ਼ਾਮ 6 ਵਜੇ ਦੇ ਕਰੀਬ ਪਿੰਡ ਮੱਲੀਆ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵਲੋਂ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆ ਵਜੋ ਜਾਣੇ ਜਾਂਦੇ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸੰਦੀਪ ਨੰਗਲ ਅੰਬੀਆ ਕਤਲ ਮਾਮਲੇ 'ਚ ਗ੍ਰਿਫ਼ਤਾਰੀਆਂ

ਹਰਵਿੰਦਰ ਸਿੰਘ ਉਰਫ ਫੌਜੀ ਮੁੱਖ ਸਾਜਿਸ਼ਕਰਤਾ: ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਫੌਜੀ ਜਿਸ ਨੂੰ ਬੁਲੰਦਸ਼ਹਿਰ ਯੂ.ਪੀ. ਤੋਂ ਫੜਿਆ ਗਿਆ ਸੀ, ਜੋ ਕਿ ਇਸ ਕਤਲ ਵਿਚ ਮੁੱਖ ਕੋਰਡੀਨੇਟਰ ਸੀ। ਉਕਤ ਮੁਲਜ਼ਮ ਵਲੋਂ ਹੀ ਸ਼ਾਰਪ ਸ਼ੂਟਰਾਂ ਨੂੰ ਆਉਣ ਜਾਣ ਲਈ ਵਹੀਕਲ, ਹਥਿਆਰ, ਸੇਫ ਰਿਹਾਇਸ਼, ਹਥਿਆਰਾਂ ਨੂੰ ਹੈਂਡਲ ਕਰਨ ਲਈ ਵੈਨਿੰਗ, ਵਿਤੀ ਸਹਾਇਤਾ ਅਤੇ ਜੁਰਮ ਨੂੰ ਅੰਜਾਮ ਦੇਣ ਲਈ ਰੇਕੀ ਕਰਕੇ ਦਿੱਤੀ ਸੀ।

ਵਿਕਾਸ ਮਾਹਲੇ ਨੂੰ ਸੌਂਪੀ ਸੀ ਕਤਲ ਦੀ ਜ਼ਿੰਮੇਵਾਰੀ: ਉਹਨਾਂ ਨੇ ਦੱਸਿਆ ਕਿ ਫਰੀਦਾਬਾਦ ਤੋਂ ਫੜੇ ਗਏ ਇੱਕ ਹੋਰ ਮੁਲਜ਼ਮ ਵਿਕਾਸ ਮਾਹਲੇ ਨੂੰ ਮੁੱਖ ਸ਼ਟਰ ਨੂੰ ਗੋਲੀਬਾਰੀ ਕਰਨ ਵਾਲਿਆਂ ਦੀ ਪਹਿਚਾਣ ਕਰਨ ਅਤੇ ਉਹਨਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ । ਇਸ ਨੇ ਬਾਅਦ 'ਚ ਫੌਜੀ ਨਾਲ ਮਿਲ ਕੇ ਸੰਦੀਪ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਪਹਿਲਾਂ ਵੀ ਕਈ ਮਾਮਲਿਆਂ 'ਚ ਸੀ ਸ਼ਾਮਲ: ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਵਿਕਾਸ ਮਾਹਲੇ ਨੇ ਪੰਜਾਬ ਵਿੱਚ ਹੋਰ ਵੀ ਕਈ ਕਤਲ ਮਾਮਲਿਆਂ ਵਿੱਚ ਆਪਣਾ ਹੱਥ ਹੋਣ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਬਾਰੇ ਪੁਲੀਸ ਨੂੰ ਪਹਿਲਾਂ ਪਤਾ ਨਹੀਂ ਸੀ। ਇਸ ਤੋਂ ਇਲਾਵਾ ਐੱਸ.ਐੱਸ.ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਚਿਨ ਦਹੋਲੀਆ ਅਤੇ ਮਨਜੋਤ ਕੌਰ ਨੂੰ ਕੌਸ਼ਲ ਡਗਰ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਫੌਜ ਤੋਂ ਸੇਵਾ ਮੁਕਤ ਹੈ ਹਰਵਿੰਦਰ ਸਿੰਘ ਉਰਫ ਫੌਜੀ:ਪੁਲਿਸ ਨੇ ਦੱਸਿਆ ਕਿ ਇਸ ਪੂਰੇ ਕਤਲਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ ਫੌਜੀ ਜੋ ਕਿ ਇਕ ਰਿਟਾਇਰਡ ਫੌਜੀ ਹੈ ਅਤੇ ਉਸ ਨੂੰ ਹਥਿਆਰ ਇੰਗਲੈਂਡ ਦੀ ਪੂਰੀ ਜਾਣਕਾਰੀ ਹੈ। ਇਸ ਲਈ ਇਸ ਪੂਰੇ ਕਤਲ ਦੇ ਮਾਮਲੇ ਨੂੰ ਉਸਨੇ ਕੋਆਰਡੀਨੇਟ ਕੀਤਾ। ਹਰਵਿੰਦਰ ਸਿੰਘ ਫੌਜੀ ਇਸ ਸਾਲ ਫਰਵਰੀ 'ਚ ਭਾਰਤੀ ਫ਼ੌਜ ਦੀ 6 ਜਾਤ ਬਟਾਲੀਅਨ ਤੋਂ ਸੇਵਾ ਮੁਕਤ ਹੋਇਆ ਸੀ। ਅੱਜ ਦੀ ਤਰੀਕ ਵਿੱਚ ਉਹ ਇੱਕ ਹਿਸਟਰੀਸ਼ੀਟਰ ਹੈ ਅਤੇ ਉਸ 'ਤੇ ਹਰਿਆਣਾ, ਪੱਛਮੀ ਯੂਪੀ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਥਿਆਰਬੰਦ ਡਕੈਤੀ ਅਤੇ ਜਬਰੀ ਵਸੂਲੀ ਨਾਲ ਸਬੰਧਤ ਘੱਟ ਤੋਂ ਘੱਟ ਇੱਕੀ ਅਪਰਾਧਿਕ ਮਾਮਲੇ ਦਰਜ ਹਨ। ਕਈ ਮਾਮਲਿਆਂ ਵਿਚ ਤਾਂ ਅਦਾਲਤ ਵੱਲੋਂ ਉਸ ਨੂੰ ਭਗੌੜਾ ਵੀ ਘੋਸ਼ਿਤ ਕੀਤਾ ਗਿਆ ਹੈ।

ਸਾਲ 2021 'ਚ ਵੀ ਕੀਤਾ ਸੀ ਕਤਲ: ਇਸ ਤੋਂ ਇਲਾਵਾ ਇਸ ਕਤਲ ਮਾਮਲੇ ਦਾ ਦੂਸਰਾ ਮੁੱਖ ਮੁਲਜ਼ਮ ਵਿਕਾਸ ਮਾਹਲੇ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ। ਉਸ 'ਤੇ ਵੀ ਕਤਲ, ਜਬਰੀ ਵਸੂਲੀ ਨਾਲ ਸੰਬੰਧਿਤ ਨੌ ਅਪਰਾਧਿਕ ਮਾਮਲੇ ਦਰਜ ਹਨ। ਇਸ ਨੇ ਪੰਜਾਬ ਵਿੱਚ ਵੀ ਦੋ ਕਤਲ ਦੇ ਮਾਮਲਿਆਂ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਹੈ। ਜਿਨ੍ਹਾਂ ਬਾਰੇ ਪੁਲੀਸ ਨੂੰ ਪਹਿਲੇ ਪਤਾ ਨਹੀਂ ਸੀ। ਜੂਨ 2021 ਨੂੰ ਜਲੰਧਰ ਵਿਖੇ ਇਕ ਹਾਈ ਪ੍ਰੋਫਾਈਲ ਕਤਲ ਸੁਖਮੀਤ ਸਿੰਘ ਡਿਪਟੀ ਨੂੰ ਗੋਲੀ ਮਾਰ ਦਿੱਤੀ ਸੀ। ਵਿਕਾਸ ਮਾਹਲੇ ਨੇ ਇਸ ਕਤਲ ਮਾਮਲੇ ਵਿੱਚ ਵੀ ਪੁਲੀਸ ਦੇ ਅੱਗੇ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ।

ਨਰੂਆਣਾ ਦੇ ਸਾਥੀਆਂ ਦਾ ਵੀ ਕਰ ਚੁੱਕੇ ਕਤਲ: ਇਸ ਤੋਂ ਇਲਾਵਾ ਜਨਵਰੀ 2022 ਵਿੱਚ ਬਠਿੰਡਾ ਵਿਖੇ ਹੋਏ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿੱਕੀ ਨਾਮ ਦੇ ਦੋ ਵਿਅਕਤੀਆਂ ਜੋ ਕਿ ਇਕ ਮਾਰੇ ਗਏ ਗੈਂਗਸਟਰ ਕੁਲਬੀਰ ਨਰੂਆਣਾ ਦੇ ਸਾਥੀ ਸਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿਕਾਸ ਨੇ ਇਸ ਮਾਮਲੇ ਵਿਚ ਵੀ ਆਪਣੀ ਭੂਮਿਕਾ ਨੂੰ ਮੰਨਦੇ ਹੋਏ ਪੁਲੀਸ ਨੂੰ ਦੱਸਿਆ ਹੈ ਕਿ ਇਹ ਕਤਲ ਵੀ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਸੰਗਰੂਰ ਦੇ ਇਕ ਹੋਰ ਗੈਂਗਸਟਰ ਫਤਿਹ ਨਗਰੀ ਦੀ ਗ੍ਰਿਫ਼ਤਾਰੀ ਦਾ ਬਦਲਾ ਲੈਣ ਲਈ ਕੀਤੇ ਸਨ।

ਇਹ ਵੀ ਪੜ੍ਹੋ:ਨਾਮਜ਼ਦਗੀ ਤੋਂ ਪਹਿਲਾਂ ਰਾਜੋਆਣਾ ਦੀ ਭੈਣ ਦਰਬਾਰ ਸਹਿਬ ਹੋਏ ਨਤਮਤਸਕ

Last Updated : Jun 5, 2022, 2:53 PM IST

ABOUT THE AUTHOR

...view details