ਚੰਡੀਗੜ੍ਹ: ਬੀਤੇ ਤਿੰਨ ਸਾਲਾਂ ਤੋਂ ਪੰਜਾਬ ਦੇ ਗੰਨਾ ਕਿਸਾਨਾਂ ਦੀ ਕਰੀਬ 250 ਕਰੋੜ ਰੁਪਏ ਦੀ ਅਦਾਇਗੀ ਨਾ ਹੋਣ ਅਤੇ ਆਪਣੇ ਹੀ ਪੈਸੇ ਲੈਣ ਲਈ ਭਟਕ ਰਹੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦਿਆਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ 'ਚ ਨਿੱਤਰੀ ਹੈ। ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ ਉੱਤੇ ਇਨ੍ਹਾਂ ਰਾਜਨੀਤਕ ਮਿੱਲ ਮਾਲਕਾਂ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ।
ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਖ਼ੂਨ ਪਸੀਨੇ ਦੀ ਕਮਾਈ ਨੂੰ ਦੱਬਣ ਵਾਲੇ ਵਧੇਰੇ ਖੰਡ ਮਿੱਲ ਮਾਲਕ ਕਾਂਗਰਸ ਜਾਂ ਅਕਾਲੀ ਦਲ ਦੇ ਆਗੂ ਹਨ, ਜਿਸ ਕਾਰਨ ਕਿਸਾਨਾਂ ਦੀ ਆਵਾਜ਼ ਨੂੰ ਕੋਈ ਨਹੀਂ ਸੁਣ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਖੰਡ ਮਿੱਲ ਮਾਲਕਾਂ ਨੇ ਕਿਸਾਨਾਂ ਦੇ ਪੈਸੇ ਨਾ ਦਿੱਤੇ ਤਾਂ ਆਮ ਆਦਮੀ ਪਾਰਟੀ ਇਨ੍ਹਾਂ ਰਾਜਨੀਤਿਕ ਆਗੂਆਂ ਦੇ ਘਰਾਂ ਦਾ ਘਿਰਾਓ ਕਰੇਗੀ।
ਮਾਨ ਨੇ ਕੈਪਟਨ ਨੂੰ ਕਿਸਾਨਾਂ ਦਾ ਅਖੌਤੀ ਹਮਦਰਦ ਆਖਿਆ ਹੈ ਅਤੇ ਕਿਹਾ ਕਿ ਸਰਕਾਰ ਨੇ ਆਪਣੇ ਰਾਜਨੀਤਕ ਆਗੂਆਂ ਦੇ ਹੱਥ ਮੀਲਾਂ ਦੇਣ ਲਈ ਸ਼ੂਗਰ ਮਿੱਲ ਸਹਿਕਾਰੀ ਸਭਾਵਾਂ ਨੂੰ ਜਾਣ ਬੁੱਝ ਕੇ ਖ਼ਤਮ ਕੀਤਾ ਹੈ। ਮਾਨ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਕਿਸਾਨਾਂ ਦੇ ਹੱਕ ਦੀ ਲੜ੍ਹਾਈ ਲੜ੍ਹ ਰਹੇ ਹਨ ਦੂਜੇ ਪਾਸੇ ਆਪਣੇ ਆਗੂਆਂ ਵੱਲੋਂ ਗੰਨੇ ਬਕਾਇਆ ਨਾ ਦੇਣ 'ਤੇ ਕੋਈ ਠੋਸ ਕਦਮ ਨਹੀਂ ਚੁੱਕ ਰਹੇ। ਉਨ੍ਹਾਂ ਕੈਪਟਨ 'ਤੇ ਕਿਸਾਨਾਂ ਨਾਲ ਦੋਗਲਾ ਖੇਡ ਖੇਡਣ ਦਾ ਦੋਸ਼ ਲਾਇਆ।
ਮਾਨ ਨੇ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਆਗੂ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਲੜਨ ਦਾ ਝੂਠਾ ਨਾਟਕ ਕਰ ਰਹੇ ਹਨ, ਜਦੋਂ ਕਿ ਆਪ ਵੀ ਸਭ ਕੁੱਝ ਉਹੀ ਹੀ ਕਰ ਰਹੇ ਹਨ ਜੋ ਖੇਤੀ ਕਾਨੂੰਨ ਵਿੱਚ ਦਰਜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਜੇਕਰ ਕਿਸਾਨਾਂ ਨਾਲ ਥੋੜ੍ਹੀ ਬਹੁਤੀ ਵੀ ਹਮਦਰਦੀ ਹੁੰਦੀ ਤਾਂ ਉਹ ਕਿਸਾਨਾਂ ਦੇ ਗੰਨੇ ਦਾ ਪੈਸਾ ਦੇਣ ਲਈ ਮਾਲਕਾਂ ਨੂੰ ਮਜ਼ਬੂਰ ਕਰਦੇ ਅਤੇ ਕੋਈ ਠੋਸ ਕਦਮ ਚੁੱਕਦੇ।