ਚੰਡੀਗੜ੍ਹ: ਚੀਨ ਨੂੰ ਗਲਵਾਨ ਵਾਦੀ ਦੇ ਕਬਜ਼ੇ ਹੇਠਲੇ ਖੇਤਰ ਵਿੱਚੋਂ ਵਾਪਸ ਭੇਜਣ ਲਈ ਜ਼ੋਰਦਾਰ ਕਦਮ ਚੁੱਕਣ ਦੀ ਵਕਾਲਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਚੀਨ ਨੂੰ ਕਬਜ਼ੇ ਵਾਲੀ ਜ਼ਮੀਨ ਤੁਰੰਤ ਖ਼ਾਲੀ ਕਰਵਾਉਣ ਲਈ ਅਲਟੀਮੇਟਮ ਜਾਰੀ ਕਰੇ ਜਿਸ ਵਿੱਚ ਸਪੱਸ਼ਟ ਚਿਤਾਵਨੀ ਦਿੱਤੀ ਜਾਵੇ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਲਈ ਗੰਭੀਰ ਨਤੀਜੇ ਨਿਕਲਣਗੇ।
ਚੰਡੀਗੜ੍ਹ ਦੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਅਜਿਹੀ ਕਾਰਵਾਈ ਨਾਲ ਭਾਰਤ ਨੂੰ ਕੁਝ ਸਿੱਟੇ ਭੁਗਤਣੇ ਪੈਣਗੇ ਪਰ ਖੇਤਰੀ ਅਖੰਡਤਾ ਉੱਪਰ ਅਜਿਹੀ ਘੁਸਪੈਠ ਅਤੇ ਹਮਲੇ ਜਾਰੀ ਰੱਖਣ ਨੂੰ ਹੋਰ ਸਹਿਣ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਨੇ ਇੱਥੇ ਤਿੰਨ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਨ੍ਹਾਂ ਦੀਆਂ ਦੇਹਾਂ ਨੂੰ ਗਲਵਾਨ ਵਾਦੀ ਤੋਂ ਲਿਆਂਦਾ ਗਿਆ। ਸੰਗਰੂਰ ਤੋਂ ਸੈਨਿਕ ਗੁਰਬਿੰਦਰ ਸਿੰਘ, ਮਾਨਸਾ ਤੋਂ ਗੁਰਤੇਜ ਸਿੰਘ ਅਤੇ ਹਮੀਰਪੁਰ (ਹਿਮਾਚਲ ਪ੍ਰਦੇਸ਼) ਤੋਂ ਅੰਕੁਸ਼ ਦੀਆਂ ਦੇਹਾਂ 'ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਮੁਲਕ ਸਦਾ ਉਨ੍ਹਾਂ ਦਾ ਰਿਣੀ ਰਹੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਗਿੱਦੜ ਭਬਕੀਆਂ ਦਾ ਜਵਾਬ ਦੇਣ ਦਾ ਸਮਾਂ ਹੈ ਅਤੇ ਹਰ ਭਾਰਤੀ ਵੀ ਇਹੀ ਚਾਹੁੰਦਾ ਹੈ ਕਿ ਚੀਨ ਨੂੰ ਮੂੰਹ ਤੋੜਵਾਂ ਜਵਾਬ ਦਿੱਤੇ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਚੀਨ ਆਪਣੀਆਂ ਸਾਲਾਮੀ ਚਾਲਾਂ ਰਾਹੀਂ ਸਾਲ 1962 ਤੋਂ ਭਾਰਤ ਨੂੰ ਟੁਕੜਾ ਦਰ ਟੁਕੜਾ ਹਥਿਆ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਘੁਸਪੈਠਾਂ ਦਾ ਅੰਤ ਕਰਨ ਦੀ ਮੰਗ ਕੀਤੀ ਜਿਸ ਨੂੰ 60 ਸਾਲਾਂ ਦੀ ਕੂਟਨੀਤੀ ਰੋਕਣ ਵਿੱਚ ਅਸਫਲ ਰਹੀ ਹੈ।
ਔਖਤੀ ਸਮਝੌਤੇ ਜਿਸ ਨੇ ਭਾਰਤੀ ਫ਼ੌਜ ਨੂੰ ਗੋਲੀ ਚਲਾਉਣ ਤੋਂ ਰੋਕਿਆ (ਭਾਵੇਂ ਉਨ੍ਹਾਂ ਕੋਲ ਹਥਿਆਰ ਸਨ), ਉਪਰ ਸਵਾਲ ਚੁੱਕਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਨ ਦੀ ਮੰਗ ਕੀਤੀ ਕਿ ਅਜਿਹਾ ਸਮਝੌਤਾ ਕੌਣ ਲੈ ਕੇ ਆਇਆ। ਉਨ੍ਹਾਂ ਕਿਹਾ,''ਇਕ ਗੁਆਂਢੀ ਦੁਸ਼ਮਣ ਨਾਲ ਅਜਿਹਾ ਸਮਝੌਤਾ ਕਿਵੇਂ ਹੋ ਸਕਦਾ ਹੈ।
''ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਇਹ ਸਪੱਸ਼ਟ ਹੈ ਕਿ ਭਾਰਤੀ ਸੈਨਿਕਾਂ 'ਤੇ ਹਮਲਾ ਚੀਨ ਵੱਲੋਂ ਪਹਿਲਾਂ ਹੀ ਚਿਤਵਿਆ ਹੋਇਆ ਸੀ ਜੋ ਬੇਢੰਗੇ ਪਰ ਖਤਰਨਾਕ ਹਥਿਆਰਾਂ ਨਾਲ ਤਿਆਰ ਹੋ ਕੇ ਆਏ ਸਨ। ਉਨ੍ਹਾਂ ਕਿਹਾ ਕਿ ਕਿੱਲਾਂ ਵਾਲੀਆਂ ਡਾਂਗਾਂ ਅਤੇ ਕੰਡਿਆਲੀ ਤਾਰਾਂ ਵਾਲੇ ਡੰਡਿਆਂ ਨਾਲ ਉਨ੍ਹਾਂ ਨੇ ਸਾਡੇ ਫ਼ੌਜੀ ਜਵਾਨਾਂ 'ਤੇ ਹਮਲਾ ਬੋਲ ਦਿੱਤਾ ਅਤੇ ਉਨ੍ਹਾਂ ਨੇ ਜੋ ਵੀ ਸਮਝੌਤਾ ਹੋਇਆ ਸੀ, ਉਸ ਨੂੰ ਰੱਦ ਕਰ ਦਿੱਤਾ।