ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਜਲਦੀ ਹੀ ਆਪਣੀ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰਨ ਜਾ ਰਹੇ ਹਨ। ਸੂਤਰਾਂ ਅਨੁਸਾਰ ਕੈਪਟਨ ਦੀ ਨਵੀਂ ਪਾਰਟੀ ਦਾ ਨਾਂ 'ਪੰਜਾਬ ਵਿਕਾਸ ਪਾਰਟੀ' ਹੋਵੇਗਾ।
ਇਸਦੇ ਨਾਲ ਹੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਪਟਨਂ ਅਮਰਿੰਦਰ ਸਿੰਘ ਛੇਤੀ ਹੀ ਆਪਣੇ ਨਜ਼ਦੀਕੀ ਆਗੂਆਂ ਦੀ ਇੱਕ ਮੀਟਿੰਗ ਬੁਲਾ ਸਕਦੇ ਹਨ ਤਾਂ ਜੋ ਨਵੀਂ ਪਾਰਟੀ ਬਣਾਉਣ ਬਾਰੇ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਜਾ ਸਕੇ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸਿੱਧੂ ਧੜੇ ਦੇ ਵਿਰੋਧ ਵਿੱਚ ਖੜ੍ਹੇ ਸਾਰੇ ਆਗੂਆਂ ਨੂੰ ਸੱਦਾ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਸਿੱਧੂ ਧੜੇ ਅਤੇ ਕੁਝ ਹੋਰ ਮੰਤਰੀਆਂ, ਵਿਧਾਇਕਾਂ ਦੇ ਵਿਰੋਧ ਦੇ ਚੱਲਦਿਆਂ ਪਾਰਟੀ ਹਾਈਕਮਾਨ ਵੱਲੋਂ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਆਪਣੇ ਅਸਤੀਫ਼ੇ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਲਲਕਾਰਿਆ ਗਿਆ ਹੈ। ਉਨ੍ਹਾਂ ਵੱਲੋਂ ਲਗਾਤਾਰ ਸਿੱਧੂ ਨੂੰ ਨਿਸ਼ਾਨੇ ਤੇ ਲੈਂਦਿਆ ਇਹ ਕਿਹਾ ਗਿਆ ਹੈ ਕਿ ਉਹ ਸਿੱਧੂ ਨੂੰ ਚੋਣਾਂ ਦੇ ਵਿੱਚ ਜਿੱਤਣ ਨਹੀਂ ਦੇਣਗੇ। ਅਜਿਹੀ ਸਥਿਤੀ ਵਿੱਚ, ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਨਵੀਂ ਬਣੀ ਪਾਰਟੀ ਵੱਲੋਂ ਸਿੱਧੂ ਦੇ ਵਿਰੁੱਧ ਇੱਕ ਮਜ਼ਬੂਤ ਦਾਅਵੇਦਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਸ ਦੌਰਾਨ ਕੈਪਟਨ ਪੰਜਾਬ ਦੇ ਸਾਰੇ ਕਿਸਾਨ ਆਗੂਆਂ ਨਾਲ ਵੀ ਸੰਪਰਕ ਕਰਨਗੇ। ਇਸ ਦੇ ਨਾਲ ਹੀ ਕੁਝ ਛੋਟੀਆਂ ਪਾਰਟੀਆਂ ਨੂੰ ਵੀ ਆਪਣੇ ਨਾਲ ਲਿਆਂਦਾ ਜਾਵੇਗਾ।
ਕਾਬਲੇਗੋਰ ਹੈ ਕਿ ਵੀਰਵਾਰ ਨੂੰ ਅਮਰਿੰਦਰ ਸਿੰਘ ਨੇ ਕਿਹਾ ਸੀ, 'ਮੈਂ 52 ਸਾਲਾਂ ਤੋਂ ਰਾਜਨੀਤੀ ਵਿੱਚ ਹਾਂ, ਪਰ ਉਨ੍ਹਾਂ ਨੇ ਮੇਰੇ ਨਾਲ ਅਜਿਹਾ ਸਲੂਕ ਕੀਤਾ। 10:30 ਵਜੇ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੈਨੂੰ ਅਸਤੀਫਾ ਦੇਣ ਲਈ ਕਿਹਾ ਮੈਂ ਕੋਈ ਸਵਾਲ ਨਹੀਂ ਪੁੱਛਿਆ। ਚਾਰ ਵਜੇ ਮੈਂ ਰਾਜਪਾਲ ਕੋਲ ਗਿਆ ਅਤੇ ਅਸਤੀਫਾ ਦੇ ਦਿੱਤਾ। ਜੇ 50 ਸਾਲਾਂ ਬਾਅਦ ਵੀ ਤੁਸੀਂ ਮੇਰੇ 'ਤੇ ਸ਼ੱਕ ਕਰੋਗੇ .. ਮੇਰੀ ਭਰੋਸੇਯੋਗਤਾ ਦਾਅ' ਤੇ ਲੱਗੀ ਹੈ ਅਤੇ ਕੋਈ ਭਰੋਸਾ ਨਹੀਂ ਹੈ, ਤਾਂ ਪਾਰਟੀ 'ਚ ਹੋਣ ਦਾ ਕੋਈ ਮਤਲਬ ਨਹੀਂ ਹੈ'।