ਚੰਡੀਗੜ੍ਹ: ਸੜਕ ਹਾਦਸੇ ਦਾ ਸ਼ਿਕਾਰ ਹੋਈ ਉਨਾਵ ਰੇਪ ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਵਿੱਚ ਪੀੜਤਾ ਦੀ ਮਾਂ ਤੇ ਚਾਚੀ ਦੀ ਮੌਤ ਅਤੇ ਪੀੜਤਾ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਟਰਾਮਾ ਸੈਂਟਰ ਲਖਨਊ ਰੈਫ਼ਰ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ।
ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਜੰਗਲ ਰਾਜ ਚੱਲ ਰਿਹਾ ਹੈ, ਜੇ ਅਸੀਂ ਆਪਣੀਆਂ ਧੀਆਂ ਦੀ ਰੱਖਿਆ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇ ਸਕਦੇ, ਜੋ ਕਿ ਸਾਡੇ ਦੇਸ਼ ਦੇ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਅਦਾਲਤ ਇਸ ਮਾਮਲੇ ਦੀ ਜਲਦ ਜਾਂਚ ਦੇ ਆਦੇਸ਼ ਦਵੇਗੀ।
ਬਲਾਤਕਾਰ ਪੀੜਤਾ ਦੀ ਹਾਲਤ ਨਾਜ਼ੁਕ
ਦੱਸਣਯੋਗ ਹੈ ਕਿ ਬਲਾਤਕਾਰ ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੇਜੀਐਮਸੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਦਸੇ ਕਾਰਨ ਉਸ ਦੇ ਫੇਫੜਿਆਂ ਨੂੰ ਨੁਕਸਾਨ ਪੁੱਜਾ ਹੈ। ਕੁਝ ਸਮੇਂ ਲਈ ਪੀੜਤ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਯੂਪੀ ਦੇ ਉਨਾਵ ਸਥਿਤ ਜਬਰ ਜਨਾਹ ਮਾਮਲੇ ਦੀ ਪੀੜਤਾ ਆਪਣੇ ਪਰਿਵਾਰ ਸਣੇ ਰਾਏਬਰੇਲੀ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ ਵਿੱਚ ਪੀੜਤਾ ਦੀ ਚਾਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪੀੜਤਾ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਸਨ। ਇਸੇ ਜਬਰ ਜਨਾਹ ਮਾਮਲੇ 'ਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਜੇਲ੍ਹ ਵਿੱਚ ਬੰਦ ਹਨ।
ਉਨਾਵ ਹਾਦਸੇ 'ਤੇ ਲਖਨਊ ਰੇਂਜ ਦੇ ਏਡੀਜੀ ਰਾਜੀਵ ਕ੍ਰਿਸ਼ਨਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਘਟਨਾ 'ਚ ਦੋਵੇਂ ਗੱਡੀਆਂ ਦੀ ਆਹਮਣੇ ਸਾਹਮਣੇ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਇੱਕ ਗਵਾਹ ਦੀ ਵੀ ਮੌਤ ਹੋ ਗਈ ਹੈ।