ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲੌਕਡਾਊਨ ਵਿੱਚ ਢਿੱਲ ਦੀ ਆਗਿਆ ਦੇਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੱਧਰੀ ਕਰਫਿਊ ਵਿੱਚ ਕੋਈ ਢਿੱਲ ਨਾ ਦੇਣ ਦੇ ਆਪਣੇ ਫ਼ੈਸਲੇ ਦੇ ਮੱਦੇਨਜ਼ਰ ਸਪੱਸ਼ਟ ਕੀਤਾ ਹੈ ਕਿ ਗ਼ੈਰ-ਸੀਮਤ (ਨਾਨ ਕੰਟੇਨਮੈਂਟ) ਜ਼ੋਨਾਂ ਵਿੱਚ ਉਦਯੋਗਿਕ ਯੂਨਿਟ ਚਲਾਉਣ ਦੀ ਆਗਿਆ ਸੂਬਾ ਸਰਕਾਰ ਵੱਲੋਂ ਪਹਿਲਾਂ ਜਾਰੀ ਆਦੇਸ਼ਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੋਵਗੀ।
ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਐਤਵਾਰ ਨੂੰ ਐਲਾਨ ਕੀਤਾ ਸੀ ਕਿ 3 ਮਈ ਤੱਕ ਸੂਬੇ ਵਿੱਚ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ, ਅੱਜ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਹੌਟਸਪੌਟ ਵਜੋਂ ਵਿਕਸਤ ਹੋ ਰਹੇ ਇਲਾਕਿਆਂ ਵਿੱਚ ਅਜਿਹੀਆਂ ਸਾਰੀਆਂ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਜਾਵੇ ਜਿਨ੍ਹਾਂ ਨਾਲ ਕੋਵਿਡ-19 ਮਹਾਂਮਾਰੀ ਫੈਲਣ ਦੀ ਸੰਭਾਵਨਾ ਹੈ।