ਚੰਡੀਗੜ੍ਹ, 29 ਅਗਸਤ: ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਪਾਲਸੀ ਤੇ ਪਹਿਰਾ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਾਵੇਂ ਕੋਈ ਸਾਡੀ ਪਾਰਟੀ ਦਾ ਹੋਵੇ ਜਾਂ ਫਿਰ ਕਿਸੇ ਹੋਰ ਪਾਰਟੀ ਦਾ ਹਰੇਕ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇਗਾ। ਉਨ੍ਹਾਂ ਅੱਜ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਕਿਹਾ ਮੇਅਰ ਅਮਰਜੀਤ ਸਿੰਘ ਸਿੱਧੂ ਵਿਰੁੱਧ ਰਿਹਾਇਸ਼ੀ ਸੁਸਾਇਟੀ ਨੂੰ ਵਿਕਾਸ ਕਾਰਜਾਂ ਦੇ ਪ੍ਰਾਜੈਕਟ ਅਲਾਟ ਕਰਨ ਦੇ ਦੋਸ਼ ਲੱਗੇ ਹਨ ਜਿਸ ਦੇ ਉਹ ਮੈਂਬਰ ਅਤੇ ਲਾਭਪਾਤਰੀ ਹਨ। ਕੁਝ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਨੇ ਪੰਜਾਬ ਦੇ ਵਧੀਕ ਪ੍ਰਮੁੱਖ ਸਕੱਤਰ ਨੂੰ ਭੇਜੀ ਸ਼ਿਕਾਇਤ ਵਿੱਚ ਅਮਰਜੀਤ ਖ਼ਿਲਾਫ਼ ਇਹ ਦੋਸ਼ ਲਾਏ ਹਨ।
ਇਸ ਮੁੱਦੇ 'ਤੇ ਆਪਣੇ ਬਿਆਨ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਕਿਸੇ ਘਪਲੇ ਵਿੱਚ ਅਮਰਜੀਤ ਸਿੰਘ ਦਾ ਨਾਂ ਆ ਰਿਹਾ ਹੈ ਤਾਂ ਇਸ ਦਾ ਜਵਾਬ ਅਮਰਜੀਤ ਸਿੰਘ ਹੀ ਦੇ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਮੰਤਰੀਆਂ ਦੇ ਅਤੇ ਹੋਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਇਸ ਲਈ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ 2019-20 ਦੀ ਗੱਲ ਹੈ, ਉਸ ਸਮੇਂ ਅਮਰਜੀਤ ਸਿੰਘ ਕਾਂਗਰਸ ਵਿੱਚ ਸਨ ਅਤੇ ਤੁਸੀਂ ਕਾਂਗਰਸ ਦੇ ਕਲਚਰ ਨੂੰ ਬਖੂਬੀ ਜਾਣਦੇ ਹੀ ਹੋ, ਸ਼ਾਇਦ ਇਸੇ ਲਈ ਉਸ ਸਮੇਂ ਅਜਿਹਾ ਹੋਇਆ ਹੋਵੇ।