ਪੰਜਾਬ

punjab

ETV Bharat / city

'ਕੋਰੋਨਾ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣਾ ਲੋਕਾਂ ‘ਤੇ ਵਾਧੂ ਬੋਝ'

ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ 'ਆਪ' ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣ ਦਾ ਫੈਸਲਾ ਲੈ ਕੇ ਮੁਸੀਬਤ ਦਾ ਸਾਹਮਣਾ ਕਰ ਰਹੇ ਪੰਜਾਬੀਆਂ ‘ਤੇ ਬੋਝ ਪਾ ਦਿੱਤਾ ਹੈ।

ਅਮਨ ਅਰੋੜਾ
ਅਮਨ ਅਰੋੜਾ

By

Published : Aug 30, 2020, 7:47 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣ ਦਾ ਫੈਸਲਾ ਲੈ ਕੇ ਮੁਸੀਬਤ ਦਾ ਸਾਹਮਣਾ ਕਰ ਰਹੇ ਪੰਜਾਬੀਆਂ ‘ਤੇ ਬੋਝ ਪਾ ਦਿੱਤਾ ਹੈ, ਜਦੋਂ ਕਿ ਚਾਹੀਦਾ ਇਹ ਸੀ ਕਿ ਸਰਕਾਰ ਇਸ ਕੋਰੋਨਾ ਕਾਲ ਦੌਰਾਨ ਲੋਕਾਂ ਨੁੰ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੀ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੂਬੇ ਵਿੱਚ ਸਿਹਤ ਸਹੂਲਤਾਂ ਤੋਂ ਵਸੂਲੀ ਜਾਣ ਵਾਲੇ ਚਾਰਜੇਜ਼ ਚੁੱਪ ਚੁਪੀਤੇ ਵਧਾ ਦਿੱਤੇ ਹਨ, ਜਦੋਂ ਕਿ ਪੰਜਾਬ ਵਿੱਚ ਇਸ ਸਮੇਂ ਕੋਰੋਨਾ ਵਰਗੀ ਮਹਾਂਮਾਰੀ ਸਿਖਰਾਂ ‘ਤੇ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਪੂਰਨ ਤੌਰ ‘ਤੇ ਲੋਕ ਵਿਰੋਧੀ ਹੈ। ਜਦੋਂ ਕਿ ਸਰਕਾਰ ਨੂੰ ਅਜਿਹੇ ਮੌਕਿਆਂ ‘ਤੇ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਨਾ ਕਿ ਉਨ੍ਹਾਂ ‘ਤੇ ਵਾਧੂ ਬੋਝ ਪਾਉਣ ਦੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਐਂਬੂਲੈਂਸ ਦਾ ਕਿਰਾਇਆ ਤਿੰਨ ਗੁਣਾ ਵਧਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਛੋਟੇ ਮੋਟੇ ਅਪਰੇਸ਼ਨਾਂ ਲਈ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਫੀਸ ਦੇਣੀ ਪਵੇਗੀ।

ਅਰੋੜਾ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਵਾਅਦੇ ਤਾਂ ਬਹੁਤ ਕਰਦੀ ਹੈ, ਪਰ ਅਸਲ ਵਿੱਚ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੀ। ਪੰਜਾਬ ਇੱਕ ਵੈਲਫ਼ੇਅਰ ਸੂਬਾ ਹੈ ਪਰ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਵਪਾਰੀ ਦੀ ਤਰਾਂ ਪੇਸ਼ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਦੇ 20,000 ਪ੍ਰਤੀ ਯੂਨਿਟ ਚਾਰਜ ਕਰਨ ਦੀ ਘੋਸ਼ਣਾ ਕੀਤੀ ਸੀ ਪਰੰਤੂ ਆਮ ਆਦਮੀ ਪਾਰਟੀ ਦੇ ਵਿਰੋਧ ਤੋਂ ਡਰਦਿਆਂ ਉਹ ਫੈਸਲਾ ਵਾਪਿਸ ਲੈਣਾ ਪਿਆ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਪੈਸੇ ਕਮਾਉਣ ਦੀ ਪ੍ਰਵਿਰਤੀ ‘ਤੇ ਚੱਲ ਕੇ ਖ਼ਜ਼ਾਨਾ ਨਹੀਂ ਭਰ ਸਕਦੀ, ਖ਼ਜ਼ਾਨਾ ਭਰਨ ਲਈ ਨੀਅਤ ਅਤੇ ਨੀਤੀ ਸਾਫ ਹੋਣੀ ਚਾਹੀਦੀ ਤਾਂ ਕੇ ਮਾਫੀਆ ਨੂੰ ਕਾਬੂ ਕਰਕੇ ਪੈਸੇ ਦੀ ਲੀਕੇਜ ਰੋਕੀ ਜਾ ਸਕੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਲੋਕ ਵਿਰੋਧੀ ਫੈਸਲਾ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰੇਗੀ।

ABOUT THE AUTHOR

...view details