ਚੰਡੀਗੜ੍ਹ: ਹਰ ਸਿਆਸੀ ਲੀਡਰ ਇੱਕ ਦੂਜੀ ਪਾਰਟੀ 'ਤੇ ਨਿਸ਼ਾਨੇ ਸਾਧਨ ਤੋਂ ਘੱਟ ਨਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸੁਖਬੀਰ ਬਾਦਲ ਆਤੇ ਕਾਂਗਰਸ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਪੰਜਾਬ ਦੇ ਉਦਯੋਗ ਨੂੰ ਤਬਾਹ ਕਰਨ ਲਈ ਬਾਦਲ ਅਤੇ ਕਾਂਗਰਸ ਇੱਕ ਦੂਜੇ ਨਾਲੋਂ ਵਧਕੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਜਦੋਂ ਕੇਂਦਰ ਦੀ ਵਾਜਪਾਈ ਸਰਕਾਰ ਨੇ ਪੰਜਾਬ ਨਾਲ ਪੱਖਪਾਤ ਕਰਦਿਆਂ ਗੁਆਂਢੀ ਪਹਾੜੀ ਰਾਜਾਂ ਨੂੰ ਉਦਯੋਗਾਂ ਲਈ ਵਿਸ਼ੇਸ਼ ਰਿਆਇਤੀ ਪੈਕੇਜ (ਗੱਫੇ) ਦਿੱਤੇ ਸਨ, ਉਦੋਂ ਕੇਂਦਰੀ ਉਦਯੋਗ ਰਾਜ ਮੰਤਰੀ ਖ਼ੁਦ ਸੁਖਬੀਰ ਸਿੰਘ ਬਾਦਲ ਹੀ ਸਨ। 'ਆਪ' ਮੁਤਾਬਿਕ ਇੱਕ ਮੰਤਰੀ ਦੀ ਕੁਰਸੀ ਖ਼ਾਤਰ ਸੁਖਬੀਰ ਬਾਦਲ ਵੱਲੋਂ ਕਮਾਏ ਧਰੋਹ ਲਈ ਪੰਜਾਬ ਕਦੇ ਵੀ ਬਾਦਲ ਪਰਿਵਾਰ ਨੂੰ ਮੁਆਫ਼ ਨਹੀਂ ਕਰ ਸਕਦਾ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਾਦਲਾਂ, ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਨੇ ਨਿੱਜੀ ਮੁਫ਼ਾਦਾਂ ਲਈ ਪੰਜਾਬ ਦੇ ਉਦਯੋਗਿਕ ਜਗਤ ਨੂੰ ਤਬਾਹ ਕਰਕੇ ਰੱਖ ਦਿੱਤਾ। ਅਮਨ ਅਰੋੜਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁੱਕਰਵਾਰ ਨੂੰ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਵਿੱਚ ਕੀਤੀ ਬਿਆਨਬਾਜ਼ੀ ਨੂੰ ਛਲਕੱਪਟੀ ਦਾ ਸਿਖ਼ਰ ਕਰਾਰ ਦਿੰਦਿਆਂ ਕਿਹਾ ਕਿ ਚੰਗਾ ਹੁੰਦਾ ਸੁਖਬੀਰ ਬਾਦਲ ਪੰਜਾਬ ਦੀ ਇੰਡਸਟਰੀ ਅਤੇ ਨਿਵੇਸ਼ਕਾਂ ਦੇ ਬਾਹਰ ਜਾਣ ਸੰਬੰਧੀ ਮਗਰਮੱਛ ਦੇ ਹੰਝੂ ਬਹਾਉਣ ਦੀ ਥਾਂ ਵਾਜਪਾਈ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਰਾਹੀਂ ਪੰਜਾਬ ਦੀ ਸਥਾਪਿਤ ਇੰਡਸਟਰੀ 'ਤੇ ਕੀਤੇ ਯੋਜਨਾਬੱਧ ਹਮਲੇ ਲਈ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਦੇ, ਕਿਉਂਕਿ ਪੰਜਾਬ ਵਿਰੋਧੀ ਉਸ ਫ਼ੈਸਲੇ ਲਈ ਬਤੌਰ ਕੇਂਦਰੀ ਉਦਯੋਗ ਰਾਜ ਮੰਤਰੀ ਸੁਖਬੀਰ ਬਾਦਲ ਉਸੇ ਤਰਾਂ ਬਰਾਬਰ ਦੇ ਭਾਗੀਦਾਰ ਹਨ, ਜਿਵੇਂ ਖੇਤੀ ਵਿਰੋਧੀ ਤਿੰਨੇ ਕਾਲ਼ੇ ਕਾਨੂੰਨਾਂ ਲਈ ਮੋਦੀ ਸਰਕਾਰ ਦੇ ਆਰਡੀਨੈਂਸ 'ਤੇ ਬਤੌਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਹਨ, ਜਿਨ੍ਹਾਂ ਨੇ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਥਾਂ ਬਤੌਰ ਕੈਬਨਿਟ ਮੰਤਰੀ ਦਸਤਖ਼ਤ ਕਰ ਦਿੱਤੇ ਸਨ ਕਿਉਂਕਿ ਉਸ ਸਮੇਂ ਪ੍ਰਾਥਮਿਕਤਾ ਵੀ ਮੰਤਰੀ ਵਾਲੀ ਕੁਰਸੀ ਬਚਾਉਣਾ ਸੀ। ਜਿਸ ਨੂੰ ਬਾਅਦ ਵਿੱਚ ਲੋਕਾਂ ਦੇ ਦਬਾਅ 'ਚ ਛੱਡਣਾ ਵੀ ਪਿਆ।
ਅਮਨ ਅਰੋੜਾ ਨੇ ਕਿਹਾ ਕਿ ਬਿਨਾਂ ਸ਼ੱਕ ਕਾਂਗਰਸ ਦੀਆਂ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਨੇ ਕੇਂਦਰ ਵੱਲੋਂ ਪੰਜਾਬ ਦੀ ਇੰਡਸਟਰੀ ਨਾਲ ਕੀਤੇ ਪੱਖਪਾਤ ਨੂੰ ਕਦੇ ਸੁਧਾਰਨ ਦੀ ਲੋੜ ਨਹੀਂ ਸਮਝੀ, ਜਦੋਂਕਿ ਕਈ ਸਾਲ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ 'ਚ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀਆਂ ਸਰਕਾਰਾਂ ਰਹੀਆਂ।