ਚੰਡੀਗੜ੍ਹ: ਹਿਮਾਚਲ ਵਿੱਚ ਮੀਂਹ ਦਾ ਕਹਿਰ ਜਾਰੀ ਹੈ ਤੇ ਮੀਂਹ ਕਾਰਨ ਵੱਡੇ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ। ਇਸੇ ਮੀਂਹ ਕਾਰਨ ਪਠਾਨਕੋਟ ਅਤੇ ਹਿਮਾਚਲ ਨੂੰ ਜੋੜਨ ਵਾਲੀ ਚੱਕੀ ਟਰੇਨ ਦਾ ਪੁੱਲ ਵੀ ਟੁੱਟ ਗਿਆ ਹੈ। ਜਿਸ ਦੇ ਚੱਲਦੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਹਮਣੇ ਆਇਆ ਹੈ ਕਿ ਪੁੱਲ ਦੇ ਢਹਿ ਢੇਰੀ ਹੋਣ ਦਾ ਕਾਰਨ ਨਾਜ਼ਾਇਜ ਮਾਈਨਿੰਗ ਦੱਸਿਆ ਜਾ ਰਿਹਾ ਹੈ।
ਰੇਲਵੇ ਨੇ ਪਹਿਲਾਂ ਹੀ ਦਿੱਤੀ ਸੀ ਜਾਣਕਾਰੀ: ਦੱਸ ਦਈਏ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨਾਜ਼ਾਇਜ ਮਾਈਨਿੰਗ ਨੂੰ ਲੈ ਕੇ ਵੱਡੀ ਵੱਡੀ ਕਾਰਵਾਈ ਕਰਨ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਮੀਂਹ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੇਲਵੇ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਪੁੱਲ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਰੇਲਵੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਨਾ ਝੱਲਣਾ ਪੈਂਦਾ।