ਚੰਡੀਗੜ੍ਹ: ਪੰਜਾਬ ਸਰਕਾਰ ਦੇ ਜ਼ੋਰ ਦੇਣ 'ਤੇ ਸਾਰੀਆਂ ਕਿਸਾਨ ਯੂਨੀਅਨਾਂ ਨੇ ਸਾਰੀਆਂ ਰੇਲਵੇ ਲਾਈਨਾਂ ਨੂੰ ਖਾਲੀ ਕਰ ਦਿੱਤਾ ਹੈ ਤਾਂ ਜੋ ਪੰਜਾਬ ਭਰ ਵਿੱਚ ਮਾਲ ਗੱਡੀਆਂ ਦੀ ਢੋਆ-ਢੁਆਈ ਨਿਰਵਘਨ ਰੂਪ ਵਿੱਚ ਬਹਾਲ ਕੀਤੀ ਜਾ ਸਕੇ। ਇਸ ਸਬੰਧ ਵਿੱਚ ਕਿਸਾਨਾਂ ਵੱਲੋਂ ਮੁਜ਼ਾਹਰੇ ਵਾਲੀਆਂ ਸਾਰੀਆਂ 21 ਥਾਵਾਂ ਨੂੰ ਖਾਲੀ ਕਰ ਦਿੱਤਾ ਗਿਆ ਹੈ ਤਾਂ ਜੋ ਮਾਲ ਗੱਡੀਆਂ ਨੂੰ ਸੁਚਾਰੂ ਢੰਗ ਨਾਲ ਚੱਲ ਸਕਣ।
ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਅੰਦਰ ਰੇਲ ਮਾਲ-ਗੱਡੀਆਂ ਦੀ ਨਿਰਵਿਘਨ ਆਵਾਜਾਈ ਲਈ ਸਾਰੇ ਪੰਜਾਬ ਰਾਜ ਵਿੱਚ ਰੇਲਵੇ ਟਰੈਕ ਇਸ ਸਮੇਂ ਬਿਲਕੁਲ ਖ਼ਾਲੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੰਡਿਆਲਾ ਵਿਖੇ ਸਿਰਫ਼ ਇੱਕ ਰੇਲਵੇ ਪਲੇਟਫਾਰਮ 'ਤੇ ਕਿਸਾਨ ਯੂਨੀਅਨ ਦੇ ਕਾਰਕੁੰਨ ਮੌਜੂਦ ਹਨ ਜਿਸ ਲਈ ਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਅੰਮ੍ਰਿਤਸਰ ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਰੇਲਵੇ ਪਲੇਟਫਾਰਮ ਖਾਲੀ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਨ।