ਪੰਜਾਬ

punjab

ETV Bharat / city

'ਸਾਰੀਆਂ ਸਿਆਸੀ ਪਾਰਟੀਆਂ ਖੇਤੀਬਾੜੀ ਬਿੱਲਾਂ ਵਿਰੁੱਧ ਸੰਘਰਸ਼ ਵਿੱਚ ਹੋਣ ਸ਼ਾਮਲ' - Akali Dal

ਸਾਬਕਾ ਐਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਖਿਆ ਕਿ ਉਹ ਖੇਤੀਬਾੜੀ ਮੁੱਦੇ 'ਤੇ ਇੱਕ ਸੋਚ ਇੱਕ ਮੰਚ ਦਾ ਗਠਨ ਕਰਨ।

ਅਕਾਲੀ ਦਲ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਪਾਰਟੀ ਪ੍ਰੋਗਰਾਮ ਕਰੇਗਾ ਜਾਰੀ
ਅਕਾਲੀ ਦਲ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਪਾਰਟੀ ਪ੍ਰੋਗਰਾਮ ਕਰੇਗਾ ਜਾਰੀ

By

Published : Sep 19, 2020, 7:56 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਤਿੰਨ ਖੇਤੀਬਾੜੀ ਬਿੱਲਾਂ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਹੋਣ। ਜਦੋ ਕਿ ਪਾਰਟੀ ਨੇ ਕਿਹਾ ਕਾਂਗਰਸ ਅਤੇ ਆਪ ਨੇ ਲੋਕ ਸਭਾ ਵਿੱਚ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਦਾ ਵਿਰੋਧ ਨਾ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਤੇ ਕਿਸਾਨ ਹਿੱਤਾਂ ਲਈ ਇਕਸੁਰਤਾ ਨਹੀਂ ਵਿਖਾਈ।

ਸ਼੍ਰੋਮਣੀ ਅਕਾਲੀ ਦਲ ਦਾ ਸਾਥ

ਸਾਬਕਾ ਐਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਖਿਆ ਕਿ ਉਹ ਮੁੱਦੇ 'ਤੇ ਇੱਕ ਸੋਚ ਇੱਕ ਮੰਚ ਦਾ ਗਠਨ ਕਰਨ 'ਤੇ ਕਿਹਾ ਕਿ ਪੰਜਾਬ ਇਸ ਮਾਮਲੇ 'ਤੇ ਕਿਸੇ ਵੀ ਤਰੀਕੇ ਦੀ ਵੰਡ ਨਹੀਂ ਸਹਿ ਸਕਦਾ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਸੰਗਠਨਾਂ ਤੇ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਇਸ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਆਪਸੀ ਵੰਡੀਆਂ ਨੇ ਸੂਬੇ ਦਾ ਦਰਿਆਈ ਪਾਣੀਆਂ ਤੇ ਇਸਦੀ ਰਾਜਧਾਨੀ ਦੇ ਮਾਮਲੇ ਵਿੱਚ ਨੁਕਸਾਨ ਕੀਤਾ ਹੈ।

ਪ੍ਰੋ. ਚੰਦੂਮਾਜਰਾ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਖੇਤੀਬਾੜੀ ਬਿੱਲਾਂ ਵਿਰੁੱਧ ਪਾਰਟੀ ਦਾ ਇੱਕ ਪ੍ਰੋਗਰਾਮ ਜਾਰੀ ਕਰੇਗਾ। ਅਸੀਂ ਚੁੱਪ ਨਹੀਂ ਬੈਠਾਂਗੇ। ਅਸੀਂ ਹਮੇਸ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਆਵਾਜ਼ ਚੁੱਕੀ ਹੈ ਤੇ ਹੁਣ ਵੀ ਆਪਣੀ ਪਾਰਟੀ ਦੇ ਅਮੀਰ ਤੇ ਗੌਰਵਮਈ ਇਤਿਹਾਸ ਅਨੁਸਾਰ ਚੁੱਕਦੇ ਰਹਾਂਗੇ।

ਖੇਡ ਖੇਡ ਕੇ ਕਿਸਾਨਾਂ ਨੂੰ ਧੋਖਾ ਦੇਣਾ ਬੰਦ ਕਰੋਂ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਕਿਸਾਨਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਉਣ ਵਾਸਤੇ 'ਸਾਂਝਾ ਮੰਚ' ਬਣਾਉਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ 'ਆਪ' ਨੂੰ ਵੀ ਦੋਗਲੀ ਦੀ ਖੇਡ ਖੇਡ ਕੇ ਕਿਸਾਨਾਂ ਨੂੰ ਧੋਖਾ ਦੇਣਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਇਹ ਪਾਰਟੀਆਂ ਪੰਜਾਬ ਵਿੱਚ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ ਪਰ ਅਸਲ ਵਿੱਚ ਇਹ ਇੱਕ ਦੂਜੇ ਨਾਲ ਰਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਤੇ ਆਪ ਨੇ ਜ਼ਰੂਰੀ ਵਸਤਾਂ ਐਕਟ ਵਿੱਚ ਸੋਧ ਦੀ ਮੰਗ ਕਰਦੇ ਬਿੱਲ 'ਤੇ ਵੋਟਾਂ ਦੀ ਡਵੀਜ਼ਨ ਦੀ ਮੰਗ ਕੀਤੀ ਹੁੰਦੀ ਤਾਂ ਭਾਜਪਾ ਖੇਤੀਬਾੜੀ ਬਿੱਲਾਂ ਨੂੰ ਪੇਸ਼ ਕਰਨਾ ਟਾਲਣ ਵਾਸਤੇ ਮਜਬੂਰ ਹੋ ਜਾਂਦੀ।

ਪਾਰਟੀਆਂ ਹੁਣ ਮਗਰਮੱਛ ਦੇ ਹੰਝੂ ਵਹਾ ਰਹੀਆਂ

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਇਨ੍ਹਾਂ ਖੇਤੀਬਾੜੀ ਆਰਡੀਨੈਂਸਾਂ ਨੂੰ ਪ੍ਰਵਾਨਗੀ ਦੇਣ ਵਾਸਤੇ ਉਚ ਤਾਕਤੀ ਕਮੇਟੀ ਦੇ ਮੈਂਬਰ ਬਣਨ ਦੇ ਦੋਸ਼ੀ ਹਨ ਬਲਕਿ ਉਨ੍ਹਾਂ ਨੇ ਆਪਣੇ ਸੁਝਾਅ ਵੀ ਦਿੱਤੇ ਜੋ ਇਨ੍ਹਾਂ ਆਰਡੀਨੈਂਸਾਂ ਨਾਲ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਮੁੱਚੇ ਕਿਸਾਨ ਭਾਈਚਾਰੇ ਦੇ ਵਿਸ਼ਵਾਸ ਨਾਲ ਧੋਖਾ ਕਰਨਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਨਾ ਹੀ ਆਪ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਇਨ੍ਹਾਂ ਖੇਤੀਬਾੜੀ ਆਰਡੀਨੈਂਸਾਂ ਵਿਰੁੱਧ ਇੱਕ ਸ਼ਬਦ ਹੀ ਬੋਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਪਾਰਟੀਆਂ ਹੁਣ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ।

ABOUT THE AUTHOR

...view details