ਚੰਡੀਗੜ੍ਹ:ਸਕੂਲ ਦੀ ਨੀਲਾਮੀ ਦੇ ਇਸ਼ਤਿਹਾਰ ’ਤੇ ਬਵਾਲ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸਕੂਲ ਦੀ ਨੀਲਾਮੀ ’ਤੇ ਸਵਾਲ ਚੁੱਕੇ ਗਏ ਹਨ। ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ।
ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਟਵੀਟ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਚ ਦਿੱਲੀ ਮਾਡਲ ਦੀ ਸ਼ੁਰੂਆਤ ਹੋ ਗਈ ਹੈ। ਥਰਮਲ ਕਲੋਨੀ ਰੋਪੜ ’ਚ ਵਧੀਆ ਹਾਈ ਸਕੂਲ ਬਿਲਡਿੰਗ ਨੂੰ ਨੀਲਾਮ ਕਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਕ੍ਰਿਪਾ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਨਾ ਕਰੋ। ਨੀਲਾਮੀ ਬੰਦ ਕਰੋ ਅਤੇ ਸਕੂਲ ਮੁੜ ਤੋਂ ਖੋਲ੍ਹਣ ਦਾ ਆਦੇਸ਼ ਦੇਵੋ।
ਦੱਸ ਦਈਏ ਕਿ ਹੈ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਸਕੂਲ ਦੀ ਨੀਲਾਮੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਹ ਹਾਈਸਕੂਲ ਰੋਪੜ ’ਚ ਹੈ ਜਿਸਨੂੰ ਨੀਲਾਮ ਕਰਨ ਦਾ ਇਸ਼ਤਿਹਾਰ ਕੱਢਿਆ ਗਿਆ ਹੈ। ਇਸ਼ਤਿਹਾਰ ਜਾਰੀ ਕਰ ਸਕੂਲ ਖਰੀਦਣ ਦੇ ਇਛੁੱਕਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਸ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਰਾਜ਼ ਜਤਾਇਆ ਗਿਆ ਹੈ।
ਇਹ ਵੀ ਪੜੋ:ਮੰਤਰੀਆਂ-ਵਿਧਾਇਕਾਂ ਦੀ ਆਮਦਨ ’ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਕੀਤਾ ਜਾਵੇ: ਵਲਟੋਹਾ
ਕਾਬਿਲੇਗੌਰ ਹੈ ਕਿ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਹਾਲ ਸਿੱਖਿਆ ਵਿਵਸਥਾ (Poor education system) ਨੂੰ ਦਿੱਲੀ ਵਾਂਗ ਠੀਕ ਕਰਨ ਦੀ ਲੋੜ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਿਲਕੁੱਲ ਵੀ ਪੜ੍ਹਾਈ ਨਹੀਂ ਹੁੰਦੀ, ਜਦਕਿ ਪੰਜਾਬ ਦੇ ਅਧਿਆਪਕ ਬਹੁਤ ਚੰਗੇ ਹਨ, ਪਰ ਅਧਿਆਪਕ ਵਿਚਾਰੇ ਬਹੁਤ ਹੀ ਦੁੱਖੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਰੀਬਾਂ, ਐਸ.ਸੀ. ਭਾਈਚਾਰੇ ਦੇ ਕਰੀਬ 24 ਲੱਖ ਬੱਚੇ ਪੜ੍ਹਦੇ ਹਨ। ਸਕੂਲਾਂ ਨੂੰ ਸ਼ਾਨਦਾਰ ਬਣਾ ਕੇ 24 ਲੱਖ ਬੱਚਿਆ ਦਾ ਭਵਿੱਖ ਸੁਧਾਰਿਆ ਜਾਵੇਗਾ।