ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਲੁਧਿਆਣਾ ਤੋਂ ਕਾਂਗਰਸ ਦੇ ਐਮ ਪੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਸ਼ਿਕਾਇਤ ਦਾਇਰ ਕੀਤੀ ਤੇ ਬੇਨਤੀ ਕੀਤੀ ਕਿ ਕਾਂਗਰਸੀ ਆਗੂ ਵੱਲੋਂ ਦਲਿਤਾਂ ਦੇ ਖਿਲਾਫ ਜਾਤੀਸੂਚਕ ਟਿੱਪਣੀਆਂ ਕਰ ਕੇ ਸੂਬੇ ਦੇ ਐਸ ਸੀ ਭਾਈਚਾਰੇ ਦੀਆਂ ਭਾਵਨਾਵਾਂ ਨੁੰ ਠੇਸ ਪਹੁੰਚਾਉਣ ਲਈ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।
ਇਸ ਵਫਦ ਵੱਲੋਂ ਐਸ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਤੇ ਹੋਰ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਬਿੱਟੂ ਦੀ ਇਕ ਵੀਡੀਓ ਵਾਇਰਲ ਹੈ ਜਿਸ ਵਿਚ ਉਹ ਐਸ ਸੀ ਭਾਈਚਾਰੇ ਦੇ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ।ਵਫਦ ਨੇ ਮੰਗ ਕੀਤੀ ਕਿ ਕਮਿਸ਼ਨ ਮਾਮਲੇ ਵਿਚ ਤੁਰੰਤ ਕਾਰਵਾਈ ਕਰੇ ਤਾਂ ਜੋ ਸੂਬੇ ਵਿਚ ਮਾਮਲਾ ਹੋਰ ਨਾ ਭੜਕੇ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਕਮਿਸ਼ਨ ਨੇ ਅਕਾਲੀ ਦਲ ਦੇ ਵਫਦ ਨੂੰ ਭਰੋਸਾ ਦੁਆਇਆ ਹੈ ਕਿ ਉਹ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰੇਗਾ।