ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਪੰਜਾਬ ਦੇ ਹਲਾਤਾਂ ਬਾਰੇ ਰਾਜਪਾਲ ਨੂੰ ਜਾਣੂ ਕਰਵਾਇਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਦਿਨ ਜੋ ਕੁਝ ਵਾਪਰਿਆ ਉਹ ਬਹੁਤ ਹੀ ਜਿਆਦਾ ਨਿੰਦਣਯੋਗ ਹੈ।
ਮੂਸੇਵਾਲਾ ਕਤਲ ਮਾਮਲਾ ਨਿੰਦਣਯੋਗ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਅਜਿਹਾ ਇਨਸਾਨ ਸੀ ਜਿਸਨੇ ਆਪਣੀ ਕਾਬਲੀਅਤ ਤੋਂ ਨਾਂ ਕਮਾਇਆ ਸੀ। ਉਨ੍ਹਾਂ ਦਾ ਬੀਤੇ ਦਿਨ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਗਲਤ ਫੈਸਲੇ ਨਾ ਕਰਦੀ ਤਾਂ ਅੱਜ ਮੂਸੇਵਾਲਾ ਉਨ੍ਹਾਂ ਦੇ ਵਿਚਾਲੇ ਹੁੰਦਾ।
'ਸੁਰੱਖਿਆ ’ਚ ਕਟੌਤੀ ਕਰਨੀ ਸਭ ਤੋਂ ਵੱਡੀ ਗਲਤੀ':ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਜਦੋ ਸੁਰੱਖਿਆ ਚ ਕਟੌਤੀ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਦੀ ਵਿੰਗ ਵੱਲੋਂ ਇਸ ਨੂੰ ਜਨਤਕ ਕੀਤਾ ਗਿਆ। ਜਿਸ ਦੇ ਕਾਰਨ ਇਸ ਹੱਤਿਆ ਦੇ ਜਿੰਮੇਦਾਰ ਭਗਵੰਤ ਮਾਨ ਹਨ ਅਤੇ ਉਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਅਧਿਕਾਰੀਆਂ ਦੇ ਖਿਲਾਫ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਜੋ ਸੁਰੱਖਿਆ ਘਟਾਉਣ ਦੇ ਜਿੰਮੇਦਾਰ ਹਨ।
'ਮਾਮਲੇ ’ਤੇ ਹੋਣੀ ਚਾਹੀਦੀ ਹੈ ਐਨਆਈਏ ਵੱਲੋਂ ਜਾਂਚ': ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਜਾਂਚ ਕੇਂਦਰ ਦੀ ਜਾਂਚ ਏਜੰਸੀ ਐਨਆਈਏ ਤੋਂ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਬਿਲਕੁੱਲ ਵੀ ਭਰੋਸਾ ਨਹੀਂ ਹੈ ਅਤੇ ਉਨ੍ਹਾਂ ਦੇ ਪਿਤਾ ਨੇ ਵੀ ਇਹੀ ਮੰਗ ਕੀਤੀ ਹੈ। ਸੁਰੱਖਿਆ ਸਬੰਧੀ ਸਵਾਲ ਚੁੱਕਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਸੁਰੱਖਿਆ ਕਿਉਂ ਦਿੱਤੀ ਹੋਈ ਹੈ। ਉਨ੍ਹਾਂ ਦੀ ਸੁਰੱਖਿਆ ਕਿਉਂ ਨਹੀਂ ਘੱਟ ਕੀਤੀ।