ਚੰਡੀਗੜ੍ਹ, 9 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਸ਼ਰਾਬ ਮਾਫੀਆ ਦੇ ਅਪ੍ਰੇਸ਼ਨ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਛੇ ਮਹੀਨੇ ਪਹਿਲਾਂ ਜਿਸ ਗਿਰੋਹ ਦਾ ਪਰਦਾਫਾਸ਼ ਹੋਇਆ ਸੀ, ਉਸਦਾ ਮੁੜ ਨਜਾਇਜ਼ ਸ਼ਰਾਬ ਮਾਮਲੇ ਵਿੱਚ ਸਰਗਰਮ ਹੋਣਾ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਸ਼ਰਾਬ ਮਾਫੀਆ ਨੂੰ ਸਿਖ਼ਰ ਤੋਂ ਮਦਦ ਮਿਲ ਰਹੀ ਹੈ।
ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਦੀਪੇਸ਼ ਕੁਮਾਰ, ਜੋ ਕਾਂਗਰਸ ਦੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਦਾ ਖਾਸ ਬੰਦਾ ਹੈ, ਨੂੰ ਫਿਰ ਛੇ ਮਹੀਨੇ ਬਾਅਦ ਪਹਿਲਾਂ ਵਾਲੇ ਅਪਰਾਧ ਵਾਸਤੇ ਹੀ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਦੀਪੇਸ਼ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ, ਜਿਸ ਲਈ ਹੀ ਉਸ ਨੇ ਪਹਿਲੀ ਡਿਸਟੀਲਰੀ ਬੇਨਕਾਬ ਹੋਣ ਮਗਰੋਂ ਦੂਜੀ ਡਿਸਟੀਲਰੀ ਖੋਲ੍ਹ ਲਈ। ਅਜਿਹਾ ਜਾਪਦਾ ਹੈ ਕਿ ਪਹਿਲੇ ਕੇਸ ਵਾਂਗ ਹੀ ਇਸ ਵਾਰ ਵੀ ਉਹ ਬਿਨਾਂ ਦੇਰੀ ਦੇ ਬਾਹਰ ਆ ਜਾਵੇਗਾ।
'ਸ਼ਰਾਬ ਮਾਫ਼ੀਆ ਨੂੰ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਦੀ ਵੀ ਸ਼ਹਿ'
ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਕਾਂਗਰਸ ਦੀ ਸਿਖ਼ਰ ਦੀ ਲੀਡਰਸ਼ਿਪ ਦੇ ਨਾਲ-ਨਾਲ ਕਾਂਗਰਸੀ ਪਰਿਵਾਰ ਵੀ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰ ਰਿਹਾ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਮਾਮਲੇ ਦੀ ਜਾਂਚ ਨਾਲ ਹੀ ਗੰਢਤੁਪ ਬੇਨਕਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਸ਼ਰਾਬ ਦੀ ਤਸਕਰੀ ਇਸ ਕਰ ਕੇ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਨੇ ਆਬਕਾਰੀ ਵਿਭਾਗ ਤੇ ਪੁਲਿਸ ਨੂੰ ਇਹ ਸਪਸ਼ਟ ਹਦਾਇਤਾਂ ਨਹੀਂ ਦਿੱਤੀਆਂ ਕਿ ਉਹ ਮਾਫੀਆ ਤੱਤਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਨ।
ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਅਤੇ ਸੂਬੇ ਵਿੱਚ ਸ਼ਰਾਬ ਮਾਫੀਆ ਤਾਂ ਹੀ ਖਤਮ ਹੋ ਸਕਦਾ ਹੈ ਜੇਕਰ ਹਰਦਿਆਲ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਵਰਗੇ ਵਿਧਾਇਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਖੰਨਾ ਵਿੱਚ ਨਾਜਾਇਜ਼ ਸ਼ਰਾਬ ਡਿਸਟੀਲਰੀ ਦੀ ਪੁਸ਼ਤ-ਪਨਾਹੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਵੀ ਕਾਰਵਾਈ ਹੋਵੇ ਅਤੇ ਨਾਜਾਇਜ਼ ਕੀਤੀ ਕਮਾਈ ਜ਼ਬਤ ਕੀਤੀ ਜਾਵੇ।
ਗਰੇਵਾਲ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਜਿਹੜੇ ਦੋਸ਼ੀਆਂ ਦੀ ਸ਼ਨਾਖ਼ਤ ਹੋਈ ਹੈ ਤੇ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਤੋਂ 5600 ਕਰੋੜ ਰੁਪਏ ਦਾ ਮਾਲੀਆ ਆਬਕਾਰੀ ਘਾਟਾ ਵਸੂਲ ਕੀਤਾ ਜਾਣਾ ਬਾਕੀ ਹੈ।