ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਮੱਕੀ ਅਤੇ ਦਾਲਾਂ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ 'ਤੇ ਕਰਨ ਦਾ ਪ੍ਰਬੰਧ ਕਰਨ ਅਤੇ ਕਿਹਾ ਕਿ ਜਿਹੜੇ ਕਿਸਾਨਾਂ ਨੇ 2.5 ਲੱਖ ਹੈਕਟੇਅਰ ਵਿੱਚ ਮੱਕੀ ਦੀ ਫਸਲ ਬੀਜੀ ਸੀ, ਉਸ ਨੂੰ ਕਾਂਗਰਸ ਸਰਕਾਰ ਨੇ ਹੇਠਾਂ ਲਾ ਦਿੱਤਾ ਹੈ ਕਿਉਂਕਿ ਸਰਕਾਰ ਉਹਨਾਂ ਦੀ ਮਦਦ ਲਈ ਨਹੀਂ ਨਿਤਰੀ ਜਿਸ ਕਾਰਨ ਉਹਨਾਂ ਨੂੰ ਮੰਦੇ ਭਾਅ ਜਿਣਸ ਵੇਚਣੀ ਪੈ ਰਹੀ ਹੈ।
ਵਰੁਚਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇ ਸਰਕਾਰ ਮੱਕੀ ਦੀ ਖ਼ਰੀਦ ਜਨਤਕ ਵੰਡ ਪ੍ਰਣਾਲੀ ਲਈ ਕਰਦੀ ਤਾਂ ਫਿਰ ਕਿਸਾਨਾਂ ਨੂੰ ਜਿਣਸ ਦੀ ਪੂਰੀ ਕੀਮਤ ਦੇ ਕੇ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਮੱਕੀ ਨਿਸ਼ਚਿਤ ਕੀਮਤ ਨਾਲੋਂ ਰੇਟ 'ਤੇ ਵੇਚਣ 'ਤੇ ਕੇਂਦਰ ਸਰਕਾਰ ਦੀ ਸਕੀਮ ਦਾ ਲਾਭ ਵੀ ਲਿਆ ਜਾ ਸਕਦਾ ਸੀ ਕਿਉਂਕਿ ਇਸ ਵਾਸਤੇ ਇਸ ਸਾਲ 14 ਹਜ਼ਾਰ ਕਰੋੜ ਰੁਪਏ ਰੱਖੇ ਸਨ।
ਉਨ੍ਹਾਂ ਕਿਹਾ ਕਿ ਹਰਿਆਣਾ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਨੇ ਇਸ ਸਕੀਮ ਦਾ ਲਾਭ ਲਿਆ ਹੈ ਤੇ ਕੇਂਦਰ ਤੋਂ ਮੱਕੀ ਲਈ ਮੁਆਵਜ਼ਾ ਹਾਸਲ ਕੀਤਾ ਹੈ ਪਰ ਅਜਿਹਾ ਜਾਪਦਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਦੋਗਲਾਪਨ ਅਪਣਾ ਰਹੀ ਹੈ।