ਚੰਡੀਗੜ੍ਹ: ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਸਿਫ਼ਰ ਕਾਲ ਦੌਰਾਨ ਕੌਮੀ ਰਾਜਧਾਨੀ ਵਿੱਚ ਭੜਕੀ ਹਿੰਸਾ ਅਤੇ ਕਤਲੇਆਮ ਦਾ ਮੁੱਦਾ ਚੁੱਕਿਆ। ਕਰਤਾਰਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆਉਣ ਵਾਲੇ ਸ਼ਰਧਾਲੂਆਂ ਦੀ ਗੁਰਦਾਸਪੁਰ ਇਲਾਕੇ ਵਿੱਚ ਪੁਲਿਸ ਥਾਣੇ ਲਿਜਾ ਕੇ ਪੁੱਛਗਿੱਛ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਵਿੱਚ ਰੱਜ ਕੇ ਹੰਗਾਮਾ ਹੋਇਆ।
ਦਿੱਲੀ 'ਚ ਬੈਠੀਆਂ ਏਜੰਸੀਆਂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਕਰ ਰਹੀਆਂ ਖ਼ਰਾਬ: ਰੰਧਾਵਾ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਐਸਐਚਓ ਨਾਲ ਗੱਲ ਕੀਤੀ ਸੀ ਤਾਂ ਐਸਐਚਓ ਦਾ ਕਹਿਣਾ ਸੀ ਕਿ ਆਈ ਬੀ ਦੀ ਚਿੱਠੀ ਆਉਣ ਤੋਂ ਬਾਅਦ ਹੀ ਸ਼ਰਧਾਲੂਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਦਿੱਲੀ ਵਿੱਚ ਬੈਠੀਆਂ ਏਜੰਸੀਆਂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ।
ਸੈਸ਼ਨ ਦੌਰਾਨ ਮੁੱਦਾ ਉਠਾਉਣ ਤੋਂ ਬਾਅਦ ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਰੰਧਾਵਾ ਨੇ ਕਿਹਾ ਕਿ ਇਨਸਾਨੀਅਤ ਦੇ ਕਾਤਲਾਂ ਦੇ ਨਾਪਾਕ ਮਨਸੂਬਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕੇਂਦਰੀ ਸੱਤਾ ਵਿੱਚ ਸ਼ਾਮਲ ਅਕਾਲੀ ਦਲ ਦੇ ਆਗੂਆਂ ਦੀ ਵੀ ਇਸ ਮਾਮਲੇ ਉਤੇ ਚੁੱਪੀ 'ਤੇ ਤੰਜ ਕਸਦਿਆਂ ਕਿਹਾ ਕਿ ਘੱਟ ਗਿਣਤੀਆਂ ਨਾਲ ਹੋ ਰਹੇ ਇਸ ਵਿਤਕਰੇ ਉੱਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦਾ ਚੁੱਪ ਰਹਿਣਾ ਬਰਦਾਸ਼ਤ ਕਰਨ ਯੋਗ ਨਹੀਂ ਹੈ।
ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਿਫ਼ਰ ਕਾਲ ਦੌਰਾਨ ਬੋਲਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਇਸ ਵੇਲੇ ਸੜ ਰਹੀ ਹੈ ਅਤੇ ਇਨਸਾਨੀਅਤ ਦਾ ਦਿਨ-ਦਿਹਾੜੇ ਕਤਲ ਹੋ ਰਿਹਾ ਹੈ ਜੋ ਕਿ ਇਕ ਲੋਕਤੰਤਰਿਕ ਅਤੇ ਧਰਮ ਨਿਰਪੱਖ ਦੇਸ਼ ਉਤੇ ਧੱਬਾ ਹੈ।
ਰੰਧਾਵਾ ਜੋ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਦਿੱਲੀ ਹਿੰਸਾ ਦੀ ਨਿੰਦਾ ਕਰਦਿਆਂ ਨਫ਼ਰਤ ਵਾਲੇ ਭਾਸ਼ਣਾਂ ਲਈ ਭਾਜਪਾ ਦੇ ਤਿੰਨ ਆਗੂਆਂ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤ ਸਨ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਉਸ ਤੋਂ ਬਾਅਦ ਦਿੱਲੀ ਹਾਈ ਕੋਰਟ ਦੇ ਜੱਜ ਦਾ ਤਬਾਦਲਾ ਹੋ ਜਾਂਦਾ ਹੈ।