ਚੰਡੀਗੜ੍ਹ: ਜ਼ਿਮਨੀ ਚੋਣਾਂ ਵਿੱਚ ਦਾਖਾ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪੰਜਾਬ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਯਾਲੀ ਨੂੰ ਆਪਣੇ ਅਹੁਦੇ ਦੀ ਸਹੁੰ ਦਵਾਈ। ਇਸ ਮੌਕੇ ਮਨਪ੍ਰੀਤ ਇਯਾਲੀ ਦਾ ਪੂਰਾ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਚੀਮਾ, ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਵੀ ਆਗੂ ਮੌਜੂਦ ਸਨ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਨਪ੍ਰੀਤ ਇਯਾਲੀ ਵੱਲੋਂ ਬੀਤੇ ਦਿਨੀਂ ਉਨ੍ਹਾਂ ਨਾਲ ਅਹੁਦੇ ਦੀ ਸਹੁੰ ਚੁੱਕਣ ਬਾਰੇ ਗੱਲ ਕੀਤੀ ਗਈ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਵੱਲੋਂ ਇਯਾਲੀ ਨੂੰ ਸਹੁੰ ਚੁੱਕਾਈ ਗਈ। ਰਾਣਾ ਕੇ.ਪੀ. ਨੇ ਕਿਹਾ ਕਿ ਇਯਾਲੀ ਤੋਂ ਇਲਾਵਾ ਹੁਣ ਤੱਕ ਹੋਰ ਕਿਸੇ ਵਿਧਾਇਕ ਨੇ ਉਨ੍ਹਾਂ ਨਾਲ ਸਹੁੰ ਚੁੱਕਣ ਦੇ ਲਈ ਸੰਪਰਕ ਨਹੀਂ ਕੀਤਾ ਹੈ।
ਇਸ ਦੌਰਾਨ ਦਾਖਾ ਦੇ ਨਵੇਂ ਬਣੇ ਵਿਧਾਇਕ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਰਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਚਲਦੇ ਕਈ ਅਕਾਲੀ ਵਰਕਰਾਂ ਦੇ ਉੱਤੇ ਫਰਜ਼ੀ ਪਰਚੇ ਵੀ ਕਰਵਾਏ ਗਏ ਪਰ ਫਿਰ ਵੀ ਉਨ੍ਹਾਂ ਦੇ ਕੀਤੇ ਕੰਮ ਲੋਕਾਂ ਦੇ ਮਨਾਂ ਵਿੱਚ ਸਨ। ਇਸ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਵਿਧਾਇਕ ਵਜੋਂ ਚੁਣਿਆ ਹੈ।
ਇਯਾਲੀ ਨੇ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਦੇ ਪ੍ਰਤੀ ਲੋਕਾਂ ਦੇ ਮਨ ਵਿੱਚ ਗੁੱਸਾ ਹੈ। ਦਾਖਾ ਚੋਣਾਂ ਵਿੱਚ ਉਨ੍ਹਾਂ ਨੂੰ ਜਿਤਾ ਕੇ ਲੋਕਾਂ ਨੇ ਆਪਣਾ ਫੈਸਲਾ ਸਰਕਾਰ ਨੂੰ ਸੁਣਾ ਦਿੱਤਾ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਖੇਤਰ ਵਿੱਚ ਵਿਕਾਸ ਕਾਰਜ ਕਰਵਾਏ ਹਨ ਅਤੇ ਅੱਗੇ ਵੀ ਉਹ ਇੱਕ ਸੁਵਿਧਾ ਕੇਂਦਰ ਖੋਲ੍ਹਣ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵਾਅਦੇ ਜਨਤਾ ਦੇ ਨਾਲ ਕੀਤੇ ਗਏ ਹਨ ਉਨ੍ਹਾਂ ਨੂੰ ਉਹ ਬੜੇ ਜ਼ੋਰ ਸ਼ੋਰ ਨਾਲ ਪੂਰੇ ਕਰਵਾਉਣਗੇ।