ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੇ ਵੱਲੋਂ ਪਾਰਟੀ ਬਣਾਉਣ ਨੂੰ ਲੈਕੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਭਖ ਚੁੱਕੀ ਹੈ। ਵਿਰੋਧੀਆਂ ਪਾਰਟੀਆਂ ਤੋਂ ਇਲਾਵਾ ਕਾਂਗਰਸ ਦੇ ਵਿੱਚ ਉਨ੍ਹਾੰ ਦੇ ਨੇੜਲੇ ਰਹੇ ਆਗੂਆਂ ਵੱਲੋਂ ਕੈਪਟਨ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Cabinet Minister Amarinder Singh Raja Waring) ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ।
'ਕੈਪਟਨ ਅਕਾਲੀ ਦਲ ਤੇ ਭਾਜਪਾ ਨਾਲ ਰਲੇ ਹੋਏ'
ਵੜਿੰਗ ਨੇ ਕਿਹਾ ਪੰਜਾਬ ਦੀ ਜਨਤਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਹਿ ਰਹੀ ਸੀ ਕਿ ਕੈਪਟਨ ਭਾਜਪਾ ਅਤੇ ਅਕਾਲੀ ਦਲ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਸਾਰਿਆਂ ਦੀ ਇੱਕੋ ਹੀ ਗੱਲ ਹੈ। ਰਾਜਾ ਵੜਿੰਗ ਨੇ ਕਿਹਾ ਕੈਪਟਨ ਵੱਲੋਂ ਪਾਰਟੀ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਉਹ ਅਕਾਲੀ ਦਲ (Akali Dal) ਤੇ ਭਾਜਪਾ ਨਾਲ ਰਲੇ ਹਨ। ਉਨ੍ਹਾਂ ਕੈਪਟਨ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਾਲ ਆਪਣੇ ਭਤੀਜੇ ਯਾਨੀ ਕਿ ਸੁਖਬੀਰ ਬਾਦਲ (Sukhbir Badal) ਨੂੰ ਵੀ ਨਾਲ ਲੈ ਜਾਣ ਤਾਂ ਕਿ ਉਨ੍ਹਾਂ ਨੂੰ ਵੀ ਕੁਝ ਫਾਇਦਾ ਹੋ ਸਕੇ।
ਕਿਸਾਨਾਂ ਦੇ ਮਸਲੇ ਨੂੰ ਲੈਕੇ ਕੈਪਟਨ ‘ਤੇ ਸਾਧੇ ਨਿਸ਼ਾਨੇ
ਕੈਪਟਨ ਵੱਲੋਂ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਵਾਉਣ ਦੇ ਬਿਆਨ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਹੁਣ ਉਹ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਦੀ ਗੱਲ ਕਹਿ ਰਹੇ ਹਨ ਤਾਂ ਫਿਰ ਇਹ ਮਸਲਾ 8 ਮਹੀਨੇ ਪਹਿਲਾਂ ਹੱਲ ਹੋ ਜਾਣਾ ਚਾਹੀਦਾ ਸੀ। ਵੜਿੰਗ ਨੇ ਕਿਹਾ ਕਿ ਇਸਦਾ ਮਤਲਬ ਕੈਪਟਨ ਭਾਜਪਾ ਨਾਲ ਮਿਲੇ ਹੋਏ ਸਨ। ਇਸਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਇਹ ਸਾਰਾ ਕੁਝ ਸਾਜਿਸ਼ ਦੇ ਤਹਿਤ ਹੋ ਰਿਹਾ ਹੈ।