ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਮੰਤਰੀ ਨੂੰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੇਠ ਵੱਡੀ ਕਰਦਿਆਂ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਹੈ। ਸੀਐਮ ਨੇ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਇਸ ਸਬੰਧੀ ਸੀਐਮ ਮਾਨ ਵੱਲੋਂ ਬਕਾਇਦਾ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਸੀਐਮ ਨੇ ਮੰਤਰੀ ਖ਼ਿਲਾਫ਼ ਕਾਰਵਾਈ ਨੂੰ ਲੈਕੇ ਪੁਲਿਸ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੇ ਆਦੇਸ਼ ਦੀ ਪਾਲਣਾ ਕਰਦਿਆਂ ਪੁਲਿਸ ਵੱਲੋਂ ਭ੍ਰਿਸ਼ਟਾਚਾਰ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਿੰਗਲਾ ਖਿਲਾਫ਼ ਕਾਰਵਾਈ ਤੋਂ ਬਾਅਦ ਬੋਲੇ ਮੂਸੇਵਾਲਾ:ਵਿਜੇ ਸਿੰਗਲਾ ਖ਼ਿਲਾਫ਼ ਕਾਰਵਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਚੋਣਾਂ ਦੌਰਾਨ ਮਾਨਸਾ ਵਿੱਚ ਵਿਜੇ ਸਿੰਗਲਾ ਤੋਂ ਹਾਰਨ ਵਾਲੇ ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਮੂਸੇਵਾਲਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੂਸੇਵਾਲਾ ਨੇ ਕਿਹਾ ਹੈ ਕਿ ਬਾਬਾ ਕਹਿੰਦਾ ਸੀ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੀ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਹਨ। ਵਿਜੇ ਸਿੰਗਲਾ ਖ਼ਿਲਾਫ਼ ਕਾਰਵਾਈ ਤੋਂ ਬਾਅਦ ਮੂਸੇਵਾਲਾ ਦਾ ਇਹ ਪ੍ਰਤੀਕਰਮ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ।
ਭਾਜਪਾ ਦਾ ਮਾਨ ਸਰਾਕਾਰ ’ਤੇ ਤਿੱਖਾ ਹਮਲਾ: ਪੰਜਾਬ ਭਾਜਪਾ ਵੱਲੋਂ ਭਗਵੰਤ ਮਾਨ ਸਰਕਾਰ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਇਹ ਢਿੰਡੋਰਾ ਪਿੱਟ ਰਹੇ ਹਨ ਕਿ 20 ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ ਪਰ ਉਨ੍ਹਾਂ ਦਾ ਆਪਣਾ ਮੰਤਰੀ ਕਮੀਸ਼ਨ ਮੰਗ ਰਿਹਾ ਹੈ। ਉਨ੍ਹਾਂ ਮਾਨ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਪੰਜਾਬ ਦੇਖ ਰਿਹਾ ਕਿ ਇਨਕਲਾਬ ਦੇ ਨਾਮ ਉੱਤੇ ਜਿੱਤਣ ਵਾਲੇ ਦੋ ਮਹੀਨੇ ਵੀ ਸਬਰ ਨਹੀਂ ਕਰ ਸਕੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਆਗੇ ਆਗੇ ਦੇਖੋ ਹੋਤਾ ਹੈ ਕਿਆ ?
ਮਾਨ ਬਾਕੀ ਵਿਧਾਇਕਾਂ ਵੱਲ ਮਾਰਨ ਝਾਤ:ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਦਾਅਵਾ ਝੂਠਾ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਆਪਣੇ ਬਾਕੀ ਵਿਧਾਇਕਾਂ ਵੱਲ ਵੀ ਝਾਤ ਜ਼ਰੂਰ ਮਾਰ ਲੈਣੀ ਚਾਹੀਦੀ ਹੈ। ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਦੇ ਰਹੇ ਨੇ ਜੋ ਕਿ ਅੱਜ ਝੂਠੇ ਸਾਬਿਤ ਹੋਏ ਹਨ।
'ਆਪ ਦੀ ਖੁੱਲ੍ਹੀ ਪੋਲ':ਇਸਦੇ ਨਾਲ ਹੀ ਭਾਜਪਾ ਆਗੂ ਅਨਿਲ ਸਰੀਨ ਨੇ ਵੀ ਮਾਨ ਸਰਕਾਰ ਨੂੰ ਨਿਸ਼ਾਨੇ ਉੱਪਰ ਲਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਦੇ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਤੋਂ ਬਾਅਦ ਮਾਨ ਸਰਕਾਰ ਦੀ ਪੋਲ ਖੁੱਲ੍ਹ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਨੱਕ ਥੱਲ੍ਹੇ ਭ੍ਰਿਸ਼ਟਾਚਾਰ ਹੋ ਰਹੀ ਸੀ ਜਦਕਿ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ।